ਚੰਡੀਗੜ੍ਹ 04 ਜੂਨ 2022: ਦੇਸ਼ ‘ਚ ਮਹਿੰਗਾਈ ਦੇ ਪ੍ਰਭਾਵ ਵਿਚਾਲੇ ਅਗਲੇ ਹਫਤੇ ਭਾਰਤੀ ਰਿਜ਼ਰਵ ਬੈਂਕ ਦੀ ਅਹਿਮ ਬੈਠਕ ਹੋਣੀ ਹੈ। ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਵਿੱਚ ਕਈ ਅਹਿਮ ਮੁੱਦਿਆਂ ‘ਤੇ ਚਰਚਾ ਅਤੇ ਫੈਸਲੇ ਕੀਤੇ ਜਾਣੇ ਹਨ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਬੈਠਕ ‘ਚ ਰਿਜ਼ਰਵ ਬੈਂਕ ਨੀਤੀਗਤ ਵਿਆਜ ਦਰਾਂ ‘ਚ ਵਾਧਾ ਕਰਨ ਦਾ ਫੈਸਲਾ ਲੈ ਸਕਦਾ ਹੈ। ਇਸ ਕਾਰਨ ਲੋਕਾਂ ਦੇ ਕਰਜ਼ੇ ਦੀ EMI ਮਹਿੰਗੀ ਹੋ ਸਕਦੀ ਹੈ।
ਆਰਬੀਆਈ ਅਗਲੇ ਹਫ਼ਤੇ ਦੀ ਸਮੀਖਿਆ ਵਿੱਚ ਰੈਪੋ ਰੇਟ ਵਿੱਚ 0.40 ਫੀਸਦੀ ਤੱਕ ਦਾ ਵਾਧਾ ਕਰ ਸਕਦਾ ਹੈ। ਵਿਦੇਸ਼ੀ ਬ੍ਰੋਕਰੇਜ ਕੰਪਨੀ ਬੈਂਕ ਆਫ ਅਮਰੀਕਾ ਸਕਿਓਰਿਟੀਜ਼ ਦੇ ਮੁਤਾਬਕ, ਆਰਬੀਆਈ ਨੇ ਪਿਛਲੀ ਮਈ ‘ਚ ਵੀ ਰੈਪੋ ਰੇਟ ‘ਚ 0.40 ਫੀਸਦੀ ਦਾ ਵਾਧਾ ਕੀਤਾ ਸੀ, ਜਿਸ ਤੋਂ ਬਾਅਦ ਇਹ ਦਰ 4.40 ਫੀਸਦੀ ਕਰ ਦਿੱਤੀ ਗਈ ਸੀ। ਇਸ ਦਾ ਕਾਰਨ ਮਹਿੰਗਾਈ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਦੱਸਿਆ ਗਿਆ।