RBI

RBI ਨੇ ਕਾਨਪੁਰ ਸਥਿਤ ਪੀਪਲਜ਼ ਕੋਆਪਰੇਟਿਵ ਬੈਂਕ ਲਿਮਟਿਡ ਦਾ ਲਾਇਸੈਂਸ ਕੀਤਾ ਰੱਦ

ਚੰਡੀਗੜ੍ਹ 22 ਮਾਰਚ 2022: ਭਾਰਤੀ ਰਿਜ਼ਰਵ ਬੈਂਕ (RBI) ਨੇ ਇੱਕ ਬੈਂਕ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਆਰ ਬੀ ਆਈ ਨੇ ਕਾਨਪੁਰ ਸਥਿਤ ਪੀਪਲਜ਼ ਕੋਆਪਰੇਟਿਵ ਬੈਂਕ (People’s Cooperative Bank)  ਲਿਮਟਿਡ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਇਸ ਮਾਮਲੇ ‘ਤੇ ਕੇਂਦਰੀ ਬੈਂਕ ਨੇ ਕਿਹਾ ਕਿ ਇਸ ਬੈਂਕ ਕੋਲ ਪੂੰਜੀ ਦੀ ਕਮੀ ਹੈ ਅਤੇ ਆਮਦਨ ਦੀ ਕੋਈ ਸੰਭਾਵਨਾ ਨਹੀਂ ਹੈ, ਜਿਸ ਕਾਰਨ ਇਸ ਦਾ ਲਾਇਸੈਂਸ ਰੱਦ ਕੀਤਾ ਜਾ ਰਿਹਾ ਹੈ।

ਭਾਰਤੀ ਰਿਜ਼ਰਵ ਬੈਂਕ (The Reserve Bank of India) ਨੇ ਬੀਤੇ ਦਿਨ ਨੂੰ ਇਕ ਬਿਆਨ ‘ਚ ਇਸ ਸਹਿਕਾਰੀ ਬੈਂਕ ਦਾ ਲਾਇਸੈਂਸ ਰੱਦ ਕੀਤੇ ਜਾਣ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉੱਤਰ ਪ੍ਰਦੇਸ਼ ਦੇ ਸਹਿਕਾਰੀ ਕਮਿਸ਼ਨਰ ਅਤੇ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਨੂੰ ਇਸ ਬੈਂਕ ਦੇ ਕਾਰੋਬਾਰ ਨੂੰ ਭੰਗ ਕਰਨ ਦਾ ਹੁਕਮ ਜਾਰੀ ਕਰਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਬੈਂਕ ਲਈ ਲਿਕਵੀਡੇਟਰ ਨਿਯੁਕਤ ਕਰਨ ਦੀ ਵੀ ਬੇਨਤੀ ਕੀਤੀ ਗਈ ਹੈ।

ਬੈਂਕ ਦੇ ਲਿਕਵਿਡੇਸ਼ਨ ਦੀ ਸਥਿਤੀ ‘ਚ, ਹਰ ਜਮ੍ਹਾਕਰਤਾ ਡਿਪਾਜ਼ਿਟ ਇੰਸ਼ੋਰੈਂਸ ਅਤੇ ਲੋਨ ਗਾਰੰਟੀ ਕਾਰਪੋਰੇਸ਼ਨ (DICGC) ਤੋਂ 5 ਲੱਖ ਰੁਪਏ ਤੱਕ ਦੀ ਜਮ੍ਹਾ ਬੀਮਾ ਕਲੇਮ ਕਰਨ ਦੇ ਯੋਗ ਹੋਵੇਗਾ। ਇਸ ਦੌਰਾਨ ਬੈਂਕ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਇਸਦੇ 99 ਪ੍ਰਤੀਸ਼ਤ ਜਮ੍ਹਾ ਕਰਤਾ ਆਪਣੀ ਸਾਰੀ ਜਮ੍ਹਾਂ ਰਕਮ ਡੀਆਈਸੀਜੀਸੀ ਤੋਂ ਬੀਮੇ ਵਜੋਂ ਪ੍ਰਾਪਤ ਕਰਨ ਦੇ ਹੱਕਦਾਰ ਹੋਣਗੇ।

ਇਸਦੇ ਨਾਲ ਹੀ RBI ਨੇ ਕਿਹਾ ਕਿ ਪੀਪਲਜ਼ ਕੋਆਪਰੇਟਿਵ ਬੈਂਕ ਕੋਲ ਲੋੜੀਂਦੀ ਪੂੰਜੀ ਅਤੇ ਆਮਦਨੀ ਦੀਆਂ ਸੰਭਾਵਨਾਵਾਂ ਨਹੀਂ ਹਨ। ਇਸ ਤੋਂ ਇਲਾਵਾ ਇਹ ਬੈਂਕ ਬੈਂਕਿੰਗ ਰੈਗੂਲੇਸ਼ਨ ਐਕਟ, 1949 ਦੀਆਂ ਸ਼ਰਤਾਂ ਦੀ ਪਾਲਣਾ ਕਰਨ ‘ਚ ਵੀ ਅਸਫਲ ਰਿਹਾ ਹੈ। ਜੇ ਲਾਇਸੈਂਸ ਰੱਦ ਹੋ ਜਾਂਦਾ ਹੈ ਤਾਂ ਇਹ ਬੈਂਕ ਕਿਸੇ ਵੀ ਤਰ੍ਹਾਂ ਦਾ ਬੈਂਕਿੰਗ ਕੰਮ ਨਹੀਂ ਕਰ ਸਕੇਗਾ।

Scroll to Top