July 2, 2024 8:13 pm
Ravneet Bittu

ਪਟਿਆਲਾ ਜੇਲ੍ਹ ‘ਚ ਬੰਦ ਭਾਰਤ ਭੂਸ਼ਣ ਆਸ਼ੂ ਨੂੰ ਮਿਲਣ ਪਹੁੰਚੇ ਰਵਨੀਤ ਬਿੱਟੂ, ‘ਆਪ’ ਸਰਕਾਰ ‘ਤੇ ਕੱਢਿਆ ਗੁੱਸਾ

ਚੰਡੀਗੜ੍ਹ 26 ਸਤੰਬਰ 2022: ਖੁਰਾਕ ਤੇ ਸਪਲਾਈ ਮਹਿਕਮੇ ਦੇ ਟੈਂਡਰ ਘੁਟਾਲੇ ਦੇ ਮਾਮਲੇ ਵਿੱਚ ਪਟਿਆਲਾ ਜੇਲ੍ਹ ਵਿੱਚ ਬੰਦ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਅੱਜ ਸੰਸਦ ਮੈਂਬਰ ਰਵਨੀਤ ਬਿੱਟੂ (Ravneet Bittu) ਨੇ ਮੁਲਾਕਾਤ ਕੀਤੀ | ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵਨੀਤ ਬਿੱਟੂ (Ravneet Bittu) ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਨਸ਼ੇ ਦੇ ਸੌਦਾਗਰ ਬਿਕਰਮ ਮਜੀਠੀਆ ਨੂੰ ਜੇਲ੍ਹ ‘ਚੋਂ ਬਾਹਰ ਕਰਵਾ ਕੇ ਨਸ਼ਿਆਂ ਨੂੰ ਉਤਸ਼ਾਹਿਤ ਕੀਤਾ ਹੈ, ਜਿਸ ਕਾਰਨ ਅੱਜ ਵੀ ਪੰਜਾਬ ਦੇ ਨੌਜਵਾਨ ਨਸ਼ਿਆਂ ਕਾਰਨ ਮਰ ਰਹੇ ਹਨ | ਉਨ੍ਹਾਂ ਕਿਹਾ ਕਿ ਇਹ ਪੰਜਾਬ ਸਰਕਾਰ ਸਭ ਤੋਂ ਝੂਠੀ ਸਰਕਾਰ ਹੈ ਜੋ ਲੋਕਾਂ ਨੂੰ ਝੂਠੇ ਸੁਪਨੇ ਦਿਖਾ ਕੇ ਸੱਤਾ ਵਿੱਚ ਆਈ ਹੈ।

ਉਨ੍ਹਾਂ ਕਿਹਾ ਸਾਡੀ ਕਾਂਗਰਸ ਸਰਕਾਰ ਵੇਲੇ ਰਾਜਾ ਵੜਿੰਗ ਵੱਲੋਂ ਔਰਬਿਟ ਬੱਸਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਅੱਜ ਉਹੀ ਬੱਸਾਂ ਦਿੱਲੀ ਜਾ ਰਹੀਆਂ ਹਨ | ਇਸਦੇ ਨਾਲ ਹੀ ਅਕਾਲੀ ਦਲ ‘ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਸੁਖਬੀਰ ਸਿੰਘ ਬਾਦਲ ਕਹਿ ਰਹੇ ਹਨ ਕਿ ਪੰਥ ਖਤਰੇ ‘ਚ ਹੈ, ਪਰ ਅੱਜ ਪੰਥ ਨੂੰ ਬਾਦਲ ਪਰਿਵਾਰ ਤੋਂ ਖ਼ਤਰਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿਰਫ ਭਾਜਪਾ ਹੀ ਪੰਜਾਬ ਨੂੰ ਤਰੱਕੀ ਦੇ ਰਾਹ ‘ਤੇ ਲਿਜਾ ਸਕਦੀ ਹੈ, ਇਸਦੇ ਜਵਾਬ ‘ਚ ਰਵਨੀਤ ਬਿੱਟੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਭਲੇ ਲਈ ਨਹੀਂ ਸਗੋਂ ਕਿਸੇ ਹੋਰ ਫਾਇਦੇ ਲਈ ਭਾਜਪਾ ‘ਚ ਸ਼ਾਮਲ ਹੋਏ ਹਨ, ਪਰ ਪਤਾ ਨਹੀਂ ਕਾਂਗਰਸ ਨੂੰ ਕੀ ਸੋਚ ਕੇ ਛੱਡ ਦਿੱਤਾ ਹੈ।

ਉਨ੍ਹਾਂ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਬਾਰੇ ਕਿਹਾ ਕਿ ਮੈਂ ਇਸ ਬਾਰੇ ਕੁਝ ਨਹੀਂ ਕਹਾਂਗਾ, ਪਾਰਟੀ ਇਸ ਬਾਰੇ ਫੈਸਲਾ ਕਰੇਗੀ | ਇਸ ਦੇ ਨਾਲ ਹੀ ਕਸ਼ਮੀਰ ਦੇ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਬਾਰੇ ਨਵੀਂ ਪਾਰਟੀ ਬਣਾਉਣ ‘ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਾਰਟੀ ਛੱਡਣਾ ਬਹੁਤ ਦੁਖਦ ਹੈ, ਇਸ ਨਾਲ ਪਾਰਟੀ ਨੂੰ ਕਾਫੀ ਨੁਕਸਾਨ ਹੋਵੇਗਾ।