July 7, 2024 7:05 pm
Ravneet Bittu

ਪੰਜਾਬ ਚੋਣਾਂ ‘ਚ ਕਾਂਗਰਸ ਦੀ ਹਾਰ ਨੂੰ ਲੈ ਕੇ ਰਵਨੀਤ ਬਿੱਟੂ ਨੇ ਦਿੱਤਾ ਵੱਡਾ ਬਿਆਨ

ਚੰਡੀਗੜ੍ਹ 17 ਮਾਰਚ 2022: ਪੰਜਾਬ ਚੋਣਾਂ 2022 ‘ਚ ਕਾਂਗਰਸ ਦੀ ਕਰਾਰੀ ਹਾਰ ਹੋਈ | ਇਸਦੇ ਚੱਲਦਿਆਂ ਕਾਂਰਗਸ ਦੇ ਐੱਮ ਪੀ ਰਵਨੀਤ ਬਿੱਟੂ (Ravneet Bittu) ਨੇ ਪੰਜਾਬ ‘ਚ ਪਾਰਟੀ ਦੀ ਹਾਰ ਦਾ ਜਿੰਮੇਵਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੱਧੂ ਨੂੰ ਠਹਿਰਾਇਆ ਹੈ। ਇਸਦੇ ਨਾਲ ਹੀ ਸੋਨੀਆ ਗਾਂਧੀ ਵੱਲੋਂ ਹਾਰ ਦੀ ਸਮੀਖਿਆ ਲਈ ਸੰਸਦ ਮੈਂਬਰਾਂ ਨਾਲ ਕੀਤੀ ਮੀਟਿੰਗ ਤੋਂ ਬਾਅਦ ਰਵਨੀਤ ਬਿੱਟੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ 90 ਫੀਸਦੀ ਕਾਂਗਰਸ ਦਾ ਨੁਕਸਾਨ ਕੀਤਾ ਹੈ ਤੇ ਬਾਕੀ ਰਹੀ ਸਹੀ ਕਸਰ ਨਵਜੋਤ ਸਿੱਧੂ ਤੇ ਚਰਨਜੀਤ ਚੰਨੀ ਨੇ ਪੂਰੀ ਕਰ ਦਿੱਤੀ ਹੈ ਜੋ ਇਕ ਦੂਜੇ ’ਤੇ ਦੋਸ਼ ਲਾਉਂਦੇ ਰਹੇ ਹਨ।

ਉਹਨਾਂ ਦੱਸਿਆ ਕਿ ਸੋਨੀਆ ਗਾਂਧੀ ਨੇ ਹਾਰ ਦੀ ਸਮੀਖਿਆ ਕਰਨ ਵਾਸਤੇ ਮੀਟਿੰਗ ਕੀਤੀ ਸੀ। ਮੀਟਿੰਗ ਵਿਚ ਕੋਈ ਤਲਖ਼ੀ ਨਹੀਂ ਹੋਈ। ਉਹਨਾਂ ਦੱਸਿਆ ਕਿ ਲੋਕ ਸਭਾ ਅਤੇ ਵਿਧਾਨ ਸਭਾ ਹਲਕਿਆਂ ਤੋਂ ਰਿਪੋਰਟ ਲਈ ਗਈ ਹੈ। ਆਉਣ ਵਾਲੇ ਦਿਨਾਂ ਵਿਚ ਸੀ ਡਬਲਿਊ ਸੀ ਮੀਟਿੰਗ ਹੋਵੇਗੀ ਜਿਸ ਵਿਚ ਇਸ ਰਿਪੋਰਟ ’ਤੇ ਚਰਚਾ ਕੀਤੀ ਜਾਵੇਗੀ।

ਰਵਨੀਤ ਬਿੱਟੂ (Ravneet Bittu) ਕਿਹਾ ਕਿ ਪਿਛਲੇ 4 ਮਹੀਨਿਆਂ ਵਿਚ ਅਜਿਹਾ ਕੀ ਹੋਇਆ, ਜਿਸ ਕਾਰਨ ਕਾਂਗਰਸ ਹਾਰ ਗਈ, ਇਸ ’ਤੇ ਚਰਚਾ ਕੀਤੀ ਗਈ। ਉਹਨਾਂ ਹਰੀਸ਼ ਚੌਧਰੀ ਦੇ ਖ਼ਿਲਾਫ਼ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਬਾਰੇ ਕਿਹਾ ਕਿ ਜਦੋਂ ਕਿਸੇ ਨੁੰ ਟਿਕਟ ਨਹੀਂ ਮਿਲਦੀ ਤਾਂ ਅਜਿਹੇ ਦੋਸ਼ ਲਗਾ ਦਿੰਦੇ ਹਨ। ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਅਸਤੀਫੇ ਬਾਰੇ ਬਿੱਟੂ ਨੇ ਕਿਹਾ ਕਿ ਨੈਤਿਕ ਆਧਾਰ ’ਤੇ ਅਸਤੀਫ਼ਾ ਦੇਣਾ ਹੁੰਦਾ ਹੈ ਪਰ ਨਹੀਂ ਦਿੱਤਾ ਤਾਂ ਇਸ ਕਾਰਨ ਅਸਤੀਫ਼ਾ ਲੈਲਿਆ ਗਿਆ।

ਉਹਨਾਂ ਕਿਹਾ ਕਿ ਸਾਢੇ ਚਾਰ ਸਾਲ ਤੱਕ ਕੈਪਟਨ ਅਮਰਿੰਦਰ ਬਾਹਰ ਨਹੀਂ ਨਿਕਲੇ, ਵਰਕਰਾਂ ਨੂੰ ਨਹੀਂ ਮਿਲੇ ਜਿਸ ਕਾਰਨ ਹਾਰ ਹੋਈ। ਜਿਹੜੇ ਵਾਅਦੇ 2017 ਵਿਚ ਕੀਤੇ ਸਨ, ਉਹ ਪੂਰੇ ਨਹੀਂ ਕੀਤੇ ਤਾਂ ਵਰਕਰ ਕਿਹੜੇ ਮੂੰਹੋਂ ਵੋਟਾਂ ਮੰਗਦੇ।ਮਨਪ੍ਰੀਤ ਬਾਦਲ ’ਤੇ ਵਿਅੰਗ ਕੱਸਦਿਆਂ ਬਿੱਟੂ ਨੇ ਕਿਹਾ ਕਿ ਬੇਅਦਬੀ ਅਤੇ ਬਰਗਾੜੀ ਦਾ ਇਨਸਾਫ਼ ਨਹੀਂ ਮਿਲਿਆ ਤੇ ਬਾਦਲ ਪਰਿਵਾਰ ਵਿਚੋਂ ਵਿੱਤ ਮੰਤਰੀ ਬਣਾ ਦਿੱਤਾ। ਇਸ ਕਾਰਨ ਲੋਕ ਔਖੇ ਸਨ।

ਉਹਨਾਂ ਕਿਹਾ ਕਿ ਆਉਂਦੇ ਸਮੇਂ ਵਿਚ ਪਾਰਟੀ ਵਰਕਰ ਪਿੰਡ ਪਿੰਡ ਜਾਣਗੇ ਤੇ ਪਾਰਟੀ ਨੂੰ ਮਜ਼ਬੂਤ ਕਰਨਗੇ। ਭਗਵੰਤ ਮਾਨ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਮੁੱਖ ਮੰਤਰੀ ਉਹ ਬਣ ਗਏ ਹਨ ਤੇ ਆਸ ਹੈ ਕਿ ਜਿਹੜੇ ਵਾਅਦੇ ਕੀਤੇ ਸਨ, ਉਹ ਪੂਰੇ ਕਰਨਗੇ।