ਫਾਜ਼ਿਲਕਾ 20 ਫਰਵਰੀ 2024: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਘਰ ਘਰ ਰਾਸ਼ਨ (Ghar Ghar Ration) ਪਹੁੰਚਾਉਣ ਦੀ ਯੋਜਨਾ ਲਾਗੂ ਕੀਤੀ ਗਈ ਹੈ। ਇਸ ਸਬੰਧੀ ਫਾਜ਼ਿਲਕਾ ਜ਼ਿਲੇ ਵਿੱਚ ਇਸ ਪ੍ਰੋਜੈਕਟ ਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਵੱਖ-ਵੱਖ ਟੀਮਾਂ ਲਗਾਤਾਰ ਕੰਮ ਵਿੱਚ ਲੱਗੀਆਂ ਹੋਈਆਂ ਹਨ ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦਿੱਤੀ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੁਣ ਡੀਪੂਆਂ ਦੀ ਬਜਾਏ ਲੋਕਾਂ ਦੇ ਘਰਾਂ ਤੱਕ ਰਾਸ਼ਨ ਪੁੱਜਦਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਲਈ ਵੱਖ-ਵੱਖ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡੀਐਫਐਸਸੀ ਹਿਮਾਂਸੂ ਕੁੱਕੜ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇਕ ਲੱਖ 73 ਹਜਾਰ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ। ਜਿਨਾਂ ਵਿੱਚੋਂ 39 ਹਜਾਰ ਪਰਿਵਾਰਾਂ ਨੂੰ ਪਾਇਲਟ ਪ੍ਰੋਜੈਕਟ ਵਜੋਂ ਸਿੱਧੇ ਘਰਾਂ ਵਿੱਚ ਰਾਸ਼ਨ ਦੇਣ ਦੀ ਸਕੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਜਿਨਾਂ ਨੂੰ ਪੰਜ ਕਿਲੋ ਅਤੇ 10 ਕਿਲੋ ਦੀ ਪੈਕਿੰਗ ਵਿੱਚ ਆਟਾ ਜਾਂ ਕਣਕ ਜੋ ਵੀ ਪਰਿਵਾਰ ਲੈਣਾ ਚਾਹੇ, ਘਰ ਜਾ ਕੇ ਮੁਹਈਆ ਕਰਵਾਇਆ ਜਾ ਰਿਹਾ ਹੈ। ਇਹ ਰਾਸ਼ਨ (Ghar Ghar Ration) ਬਿਲਕੁਲ ਮੁਫਤ ਵੰਡਿਆ ਜਾ ਰਿਹਾ ਹੈ।
ਦੂਜੇ ਪਾਸੇ ਲੋਕ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਬਹੁਤ ਸਲਾਘਾ ਕਰ ਰਹੇ ਹਨ । ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਉਹਨਾਂ ਨੂੰ ਰਾਸ਼ਨ ਲੈਣ ਲਈ ਡੀਪੂ ਤੇ ਜਾਣਾ ਪੈਂਦਾ ਸੀ ਪਰ ਡੀਪੂ ਤੇ ਲਾਈਨਾਂ ਵਿੱਚ ਲੱਗਣ ਕਾਰਨ ਅਤੇ ਸਮਾਂ ਲੱਗਣ ਕਾਰਨ ਉਹਨਾਂ ਦੀ ਦਿਹਾੜੀ ਖੋਟੀ ਹੋ ਜਾਂਦੀ ਸੀ ਪਰ ਹੁਣ ਰਾਸ਼ਨ ਉਹਨਾਂ ਦੇ ਘਰਾਂ ਤੱਕ ਪਹੁੰਚ ਰਿਹਾ ਹੈ ਜਿਸ ਨਾਲ ਉਹਨਾਂ ਨੂੰ ਬਹੁਤ ਸੌਖ ਹੋਈ ਹੈ ਅਤੇ ਉਹਨਾਂ ਦੀ ਦਿਹਾੜੀ ਵੀ ਖੋਟੀ ਨਹੀਂ ਹੁੰਦੀ ਹੈ।