ਚੰਡੀਗੜ੍ਹ 16 ਜੂਨ 2022: ਨੈਸ਼ਨਲ ਹੈਰਾਲਡ ਮਾਮਲੇ ਵਿੱਚ ਈਡੀ ਵੱਲੋਂ ਰਾਹੁਲ ਗਾਂਧੀ ਤੋਂ ਲਗਾਤਾਰ ਅਤੇ ਡੂੰਘਾਈ ਪੁੱਛਗਿੱਛ ਨਾਲ ਕੀਤੀ ਜਾ ਰਹੀ ਅਤੇ ਵਰਕਰਾਂ ਖ਼ਿਲਾਫ਼ ਪੁਲਿਸ ਕਾਰਵਾਈ ਕਾਰਨ ਕਾਂਗਰਸ ਦਾ ਗੁੱਸਾ ਵਧਦਾ ਜਾ ਰਿਹਾ ਹੈ। ਇਸੇ ਦੌਰਾਨ ਕਾਂਗਰਸੀ ਆਗੂਆਂ ਨੇ ਅੱਜ ਲੋਕ ਸਭਾ ਸਪੀਕਰ ਓਮ ਬਿਰਲਾ ( Lok Sabha Speaker Om Birla) ਨਾਲ ਮੁਲਾਕਾਤ ਕਰਕੇ ਆਗੂਆਂ ਤੇ ਵਰਕਰਾਂ ਨਾਲ ਪੁਲਿਸ ਦੇ ਅੱਤਿਆਚਾਰ ’ਤੇ ਇਤਰਾਜ਼ ਪ੍ਰਗਟਾਇਆ। ਕਾਂਗਰਸੀ ਆਗੂ ਤੇ ਵਰਕਰ ਅੱਜ ਦੇਸ਼ ਭਰ ਦੇ ਰਾਜ ਭਵਨਾਂ ਦਾ ਘਿਰਾਓ ਕਰਨਗੇ।
ਇਸ ਦੌਰਾਨ ਲੋਕ ਸਭਾ ਵਿੱਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਅੱਜ ਸੰਸਦ ਭਵਨ ਵਿੱਚ ਸਪੀਕਰ ਦੇ ਚੈਂਬਰ ਵਿੱਚ ਬਿਰਲਾ ਨਾਲ ਮੁਲਾਕਾਤ ਕੀਤੀ। ਮੀਟਿੰਗ ਤੋਂ ਬਾਅਦ ਚੌਧਰੀ ਨੇ ਕਿਹਾ ਕਿ ਅਸੀਂ ਸਪੀਕਰ ਨੂੰ ਆਪਣੇ ਨਾਲ ਹੋ ਰਹੇ ਅੱਤਿਆਚਾਰ ਦੀ ਸ਼ਿਕਾਇਤ ਕੀਤੀ ਹੈ। ਦਿੱਲੀ ਪੁਲਿਸ ਦੇ ਅਧਿਕਾਰੀਆਂ ਦੇ ਵਤੀਰੇ ਅਤੇ ਕਾਂਗਰਸ ਹੈੱਡਕੁਆਰਟਰ ‘ਚ ਦਾਖ਼ਲ ਹੋਣ ‘ਤੇ ਨਾਰਾਜ਼ਗੀ ਪ੍ਰਗਟਾਈ |
ਉਨ੍ਹਾਂ ਨੇ ਕਿਹਾ ਕਿ ਥਾਣਿਆਂ ‘ਚ ਵੀ ਦਿੱਲੀ ਪੁਲਸ ਨੇ ਕਾਂਗਰਸ ਦੇ ਸੰਸਦ ਮੈਂਬਰਾਂ ਨਾਲ ਅਜਿਹਾ ਸਲੂਕ ਕੀਤਾ ਜਿਵੇਂ ਸਾਡੇ ਸੰਸਦ ਮੈਂਬਰ ਅਤੇ ਵਰਕਰ ਅੱਤਵਾਦੀ ਹੋਣ। ਰਾਹੁਲ ਗਾਂਧੀ ਨੂੰ ਲਗਾਤਾਰ 3 ਦਿਨਾਂ ਤੱਕ 10-12 ਘੰਟੇ ਲੰਬੀ ਪੁੱਛਗਿੱਛ ਲਈ ਬੁਲਾਇਆ ਗਿਆ। ਸਾਨੂੰ ਇਸ ‘ਤੇ ਕੋਈ ਇਤਰਾਜ਼ ਨਹੀਂ ਹੈ। ਅਸੀਂ ਸਿਰਫ਼ ਇਹੀ ਕਹਿਣਾ ਚਾਹੁੰਦੇ ਹਾਂ ਕਿ ਬਦਲਾਖੋਰੀ ਅਤੇ ਹਿੰਸਾ ਦੀ ਰਾਜਨੀਤੀ ਨਾ ਕਰੋ।
ਕਾਂਗਰਸ ਆਗੂਆਂ ਨੇ ਪਾਰਟੀ ਦੇ ਸੰਸਦੀ ਦਲ ਦਫ਼ਤਰ ਵਿੱਚ ਮੀਟਿੰਗ ਕਰਕੇ ਈਡੀ ਵੱਲੋਂ ਰਾਹੁਲ ਗਾਂਧੀ ਤੋਂ ਪੁੱਛਗਿੱਛ ਤੋਂ ਬਾਅਦ ਪੈਦਾ ਹੋਈ ਸਿਆਸੀ ਸਥਿਤੀ ਬਾਰੇ ਵੀ ਚਰਚਾ ਕੀਤੀ। ਇਸ ਵਿੱਚ ਕਾਂਗਰਸੀ ਆਗੂਆਂ ਤੋਂ ਇਲਾਵਾ ਜਨਰਲ ਸਕੱਤਰਾਂ ਨੇ ਵੀ ਸ਼ਮੂਲੀਅਤ ਕੀਤੀ। ਕਾਂਗਰਸੀ ਆਗੂ ਕੇਸੀ ਵੇਣੂਗੋਪਾਲ ਨੇ ਦੱਸਿਆ ਕਿ ਮੀਟਿੰਗ ਵਿੱਚ ਪਾਰਟੀ ਆਗੂਆਂ ਤੇ ਵਰਕਰਾਂ ਖ਼ਿਲਾਫ਼ ਦਮਨਕਾਰੀ ਕਾਰਵਾਈ ਬਾਰੇ ਅਗਲੀ ਰਣਨੀਤੀ ’ਤੇ ਚਰਚਾ ਕੀਤੀ ਗਈ।