Site icon TheUnmute.com

ਅੰਮ੍ਰਿਤਸਰ ‘ਚ ਸ਼ਰ੍ਹੇਆਮ ਗੁੰਡਾਗਰਦੀ, ਚੱਲੀਆਂ ਗੋਲੀਆਂ, ਜਾਂਚ ‘ਚ ਜੁਟੀ ਪੁਲਿਸ

Amritsar

ਅੰਮ੍ਰਿਤਸਰ 22 ਅਗਸਤ 2023: ਅੰਮ੍ਰਿਤਸਰ (Amritsar) ਦੇ ਝਬਾਲ ਰੋਡ ‘ਤੇ ਦੇਰ ਰਾਤ ਕੁਝ ਨੌਜਵਾਨਾਂ ਵੱਲੋਂ ਸ਼ਰ੍ਹੇਆਮ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ | ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਪਥਰਾਵ ਕਰਨ ਤੋਂ ਬਾਅਦ ਗੋਲੀਆਂ ਵੀ ਚਲਾਈਆਂ ਗਈਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੱਕ ਵਿਅਕਤੀ ਨੇ ਦੱਸਿਆ ਕਿ ਝਬਾਲ ਰੋਡ ‘ਤੇ ਕੁਝ ਨੌਜਵਾਨ ਖੜੇ ਸਨ ਜਦੋਂ ਉਨ੍ਹਾਂ ਨੂੰ ਇੱਥੇ ਖੜ੍ਹੇ ਹੋਣ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਇੱਥੇ ਪਥਰਾਵ ਕਰਨਾ ਸ਼ੁਰੂ ਕਰ ਦਿੱਤਾ |

ਉਨ੍ਹਾਂ ਦੱਸਿਆ ਕਿ ਪੰਜ ਤੋਂ ਛੇ ਗੋਲੀਆਂ ਵੀ ਚਲਾਈਆਂ ਅਤੇ ਜਿਸ ਦੀ ਉਹਨਾਂ ਦੇ ਕੋਲ ਵੀਡੀਓ ਵੀ ਬਣੀ ਹੋਈ ਹੈ ਅਤੇ ਬਾਅਦ ਵਿੱਚ ਇੱਥੇ ਪਥਰਾਵ ਕਰਕੇ ਉਹ ਚਲੇ ਗਏ | ਇਸ ਦੇ ਨਾਲ ਹੀ ਇਲਾਕਾ ਵਾਸੀਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ | ਉਨ੍ਹਾਂ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਇਨਸਾਫ਼ ਦੀ ਪੁਕਾਰ ਲਗਾਈ ਜਾ ਰਹੀ ਹੈ |

ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਇਸਦੀ ਜਾਣਕਾਰੀ ਮਿਲੀ ਸੀ। ਝਬਾਲ ਰੋਡ ਤੇ ਦੋ ਧਿਰਾਂ ਵਿਚਾਲੇ ਝਗੜਾ ਹੋਇਆ ਹੈ। ਪੁਲਿਸ ਮੌਕੇ ‘ਤੇ ਪਹੁੰਚ ਕੇ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ । ਪੁਲਿਸ ਮੁਤਾਬਕ ਜੇਕਰ ਗੋਲੀਆਂ ਚੱਲੀਆਂ ਹਨ ਤਾਂ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ |

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ (Amritsar) ਵਿੱਚ ਪਿਛਲੇ 12 ਘੰਟਿਆਂ ਦੌਰਾਨ ਤਿੰਨ ਵੱਡੀਆਂ ਵਾਰਦਾਤਾਂ ਸਾਹਮਣੇ ਆਈਆਂ ਹਨ। ਜਿਸ ਵਿੱਚ ਕਿ ਇੱਕ ਲੁੱਟ ਦੀ ਨੀਅਤ ਨਾਲ ਤਿੰਨ ਵਿਅਕਤੀਆਂ ਵੱਲੋਂ ਇੱਕ ਬਜ਼ੁਰਗ ਦਾ ਕਤਲ ਕਰ ਦਿੱਤਾ ਗਿਆ | ਦੂਜੇ ਪਾਸੇ ਤਰਨਤਾਰਨ ਰੋਡ ਦੇ ਉਪਰ ਤਿੰਨ ਵਿਅਕਤੀਆਂ ਵੱਲੋਂ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ । ਤੀਜੇ ਪਾਸੇ ਸ਼ਰ੍ਹੇਆਮ ਝਬਾਲ ਰੋਡ ਦੇ ਉੱਪਰ ਜਿਸ ਤਰੀਕੇ ਨੌਜਵਾਨਾਂ ਵੱਲੋਂ ਗੁੰਡਾਗਰਦੀ ਕੀਤੀ ਗਈ ਇਹ ਸਭ ਨੂੰ ਦੇਖਦੇ ਹੋਏ ਅੰਮ੍ਰਿਤਸਰ ਸ਼ਹਿਰ ਵਾਸੀਆਂ ਦੇ ਵਿੱਚ ਇਸ ਸਮੇਂ ਪੂਰੀ ਤਰੀਕੇ ਡਰ ਦਾ ਮਾਹੌਲ ਹੈ।

Exit mobile version