Site icon TheUnmute.com

ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ, ਸਖ਼ਤ ਸੁਰੱਖਿਆ ਹੇਠ ਬਰਨਾਵਾ ਆਸ਼ਰਮ ਲਈ ਰਵਾਨਾ

Ram Rahim

ਚੰਡੀਗੜ੍ਹ 21 ਜਨਵਰੀ 2023: ਬਲਾਤਕਾਰ ਦੇ ਦੋਸ਼ਾਂ ਦੀ ਸਜ਼ਾ ਭੁਗਤ ਰਹੇ ਡੇਰਾ ਸੱਚਾ ਸੌਦਾ ਦਾ ਮੁਖੀ ਰਾਮ ਰਹੀਮ (Ram Rahim)  ਇਕ ਵਾਰ ਫਿਰ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆ ਗਿਆ ਹੈ। ਸ਼ਨੀਵਾਰ ਨੂੰ ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ, ਜਿਸ ਤੋਂ ਬਾਅਦ ਉਹ ਸਖ਼ਤ ਸੁਰੱਖਿਆ ਹੇਠ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਬਰਨਾਵਾ ਆਸ਼ਰਮ ਲਈ ਰਵਾਨਾ ਹੋ ਗਿਆ। ਉਨ੍ਹਾਂ ਦੇ ਨਾਲ ਉਸ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਵੀ ਹੈ। ਹਨੀਪ੍ਰੀਤ ਨੇ ਰਾਮ ਰਹੀਮ ਦੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਆਪਣੇ ਇੰਸਟਾਗ੍ਰਾਮ ‘ਤੇ ਸਟੇਟਸ ਵੀ ਅਪਲੋਡ ਕੀਤਾ ਅਤੇ ਰਾਮ ਰਹੀਮ ਨਾਲ ਆਪਣੀਆਂ ਤਸਵੀਰਾਂ ਵੀ ਅਪਲੋਡ ਕੀਤੀਆਂ।

ਜਿਕਰਯੋਗ ਹੈ ਕਿ ਰਾਮ ਰਹੀਮ (Ram Rahim) ਨੂੰ ਕੱਲ੍ਹ 40 ਦਿਨਾਂ ਦੀ ਪੈਰੋਲ ਮਿਲੀ ਸੀ। ਉਹ ਪਿਛਲੇ 54 ਦਿਨਾਂ ਵਿੱਚ ਦੂਜੀ ਵਾਰ ਜੇਲ੍ਹ ਤੋਂ ਬਾਹਰ ਆਇਆ ਹੈ। ਕਿਆਸ ਲਗਾਇਆ ਜਾ ਰਿਹਾ ਹੈ ਕਿ ਉਹ 25 ਜਨਵਰੀ ਨੂੰ ਸਿਰਸਾ ਡੇਰੇ ‘ਚ ਆਉਣਗੇ। ਸਾਲ 2023 ਦੇ ਪਹਿਲੇ ਮਹੀਨੇ ਹੀ ਸਰਕਾਰ ਨੇ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਹੈ।

ਇਸ ਤੋਂ ਪਹਿਲਾਂ ਸਾਲ 2022 ਵਿੱਚ ਪਹਿਲੀ ਵਾਰ ਰਾਮ ਰਹੀਮ ਨੂੰ 21 ਦਿਨਾਂ ਲਈ ਫਰਲੋ ਅਤੇ 70 ਦਿਨਾਂ ਦੀ ਪੈਰੋਲ ਮਿਲੀ ਸੀ। ਰਾਮ ਰਹੀਮ ਦੀ ਫਰਲੋ ਅਤੇ ਪੈਰੋਲ ਨੂੰ ਲੈ ਕੇ ਸਰਕਾਰ ਵੀ ਵਿਰੋਧੀਆਂ ਦੇ ਨਿਸ਼ਾਨੇ ‘ਤੇ ਸੀ। ਇਸ ਦੌਰਾਨ ਡੇਰਾ ਮੁਖੀ ਨੇ ਆਪਣੀ 40 ਦਿਨਾਂ ਦੀ ਪੈਰੋਲ ਦੌਰਾਨ ਨਸ਼ੇ ‘ਤੇ ਤਿੰਨ ਗੀਤ ਵੀ ਲਾਂਚ ਕੀਤੇ। ਉਹ ਪਹਿਲਾਂ ਵੀ ਬਰਨਵਾ ਆਸ਼ਰਮ ਵਿੱਚ 2 ਵਾਰ ਪੈਰੋਲ ਕੱਟ ਚੁੱਕਾ ਹੈ।

ਰਾਮ ਰਹੀਮ ਨੇ ਬਰਨਾਵਾ ਆਸ਼ਰਮ ‘ਚ ਆਨਲਾਈਨ ਸਤਿਸੰਗ ਕਰਵਾਏ ਅਤੇ ਗੀਤ ਲਾਂਚ ਕੀਤੇ ਪਰ ਰਾਮ ਰਹੀਮ ਦੇ ਇਸ ਸਤਿਸੰਗ ਦਾ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਵਿਰੋਧ ਕੀਤਾ ਸੀ । ਮਾਲੀਵਾਲ ਨੇ ਪੈਰੋਲ ਬਾਰੇ ਪ੍ਰਧਾਨ ਮੰਤਰੀ ਨੂੰ ਪੱਤਰ ਵੀ ਲਿਖਿਆ ਸੀ ਅਤੇ ਪੈਰੋਲ ਨਿਯਮਾਂ ਵਿੱਚ ਬਦਲਾਅ ਦੀ ਮੰਗ ਕੀਤੀ ਸੀ।

Exit mobile version