July 4, 2024 5:56 pm
ਕਿਸਾਨੀ ਅੰਦੋਲਨ

ਕਿਸਾਨੀ ਅੰਦੋਲਨ : ਰਾਕੇਸ਼ ਟਿਕੈਤ ਨੇ ਕਿਹਾ ਦੀਵਾਲੀ ਹੀ ਨਹੀਂ, ਹੋਲੀ ਵੀ ਸੜਕਾਂ ’ਤੇ ਹੀ ਮਨਾਵਾਂਗੇ

ਚੰਡੀਗੜ੍ਹ , 1 ਨਵੰਬਰ 2021 : ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਜਿੱਦ ’ਤੇ ਅੜੀ ਹੈ ਤਾਂ ਕਿਸਾਨ ਵੀ ਅਪਣੀ ਮੰਗ ਤੋਂ ਪਿੱਛੇ ਨਹੀਂ ਹਟਣਗੇ। ਉਹਨਾਂ ਨੇ ਕਿਹਾ ਕਿ ਕਿਸਾਨੀ ਅੰਦੋਲਨ ਨੂੰ ਖ਼ਤਮ ਕਰਨ ਦੀ ਕਿਸੇ ਵੀ ਤਰ੍ਹਾਂ ਦੀ ਸੰਭਾਵਨਾ ਨਹੀਂ ਹੈ |

ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦੀਵਾਲੀ ਹੀ ਨਹੀਂ ਹੋਲੀ ਵੀ ਸੜਕਾਂ ’ਤੇ ਹੀ ਮਨਾਉਣਗੇ |ਦੱਸਣਯੋਗ ਹੈ ਕਿ ਟਿਕੈਤ ਨੇ ਇਥੇ ਸਥਿਤ ਪਛਮੀ ਯੂ. ਪੀ. ਟੋਲ ਪਲਾਜ਼ਾ ਕੋਲ ਇਕ ਹਸਪਤਾਲ ’ਚ ਦਾਖ਼ਲ ਕਿਸਾਨ ਯੂਨੀਅਨ ਦੇ ਇਕ ਅਹੁਦਾ ਅਧਿਕਾਰੀ ਨੂੰ ਮਿਲਣ ਆਏ ਸਨ, ਜਿਸ ਦੌਰਾਨ ਉਹਨਾਂ ਨੇ ਸਰਕਾਰ ‘ਤੇ ਤੰਜ਼ ਕੱਸੇ ਅਤੇ ਕਿਹਾ ਕਿ ਸਰਕਾਰ ਪੂੰਜੀਪਤੀਆਂ ਅਤੇ ਉਦਯੋਗਪਤੀਆਂ ਦੇ ਲਾਭ ਲਈ ਕੰਮ ਕਰ ਰਹੀ ਹੈ।

ਰਾਕੇਸ਼ ਟਿਕੈਤ ਨੇ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਦੀ ਜ਼ਰਾ ਵੀ ਚਿੰਤਾ ਕਰਦੀ ਹੁੰਦੀ ਤਾਂ ਹੁਣ ਤੱਕ ਕਾਨੂੰਨ ਰੱਦ ਹੋ ਚੁੱਕੇ ਹੋਣੇ ਸੀ, ਪਰ ਸਰਕਾਰ ਨੂੰ ਕਿਸਾਨਾਂ ਦੀ ਕੋਈ ਚਿੰਤਾ ਨਹੀਂ ਹੈ, ਇਸ ਲਈ ਅਸੀਂ ਵੀ ਸੜਕਾਂ ‘ਤੇ ਹੀ ਬੈਠੇ ਰਹਾਂਗੇ, ਜਦੋ ਤੱਕ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ |

ਟਿਕੈਤ ਨੇ ਇਹ ਵੀ ਕਿਹਾ ਕਿ ਪ੍ਰਸ਼ਾਸਨ ਜੇ. ਸੀ. ਬੀ. ਦੀ ਮਦਦ ਨਾਲ ਇਥੇ ਲੱਗੇ ਟੈਂਟਾਂ ਨੂੰ ਉਖਾੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਜੇਕਰ ਪ੍ਰਸ਼ਾਸਨ ਇਥੇ ਟੈਂਟ ਉਖਾੜੇਗਾ ਤਾਂ ਕਿਸਾਨ ਸਰਕਾਰੀ ਦਫ਼ਤਰਾਂ ਦੇ ਬਾਹਰ ਟੈਂਟ ਲੱਗਾ ਲੈਣਗੇ।