ਵਿਕਰਮਜੀਤ ਸਿੰਘ ਸਾਹਨੀ

ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਸੰਸਦ ‘ਚ ਆਪਣੇ 100 ਦਿਨਾਂ ਦਾ ਰਿਪੋਰਟ ਕਾਰਡ ਕੀਤਾ ਪੇਸ਼

ਚੰਡੀਗੜ੍ਹ 28 ਨਵੰਬਰ 2022: ਮੇਰਾ ਹਰ ਸਾਹ ਪੰਜਾਬ ਦੀ ਤਰੱਕੀ ਲਈ ਹੈ। ਮੈਂ ਪੰਜਾਬ ਅਤੇ ਪੰਜਾਬੀਅਤ ਲਈ ਕੰਮ ਕਰਨ ਲਈ ਵਚਨਬੱਧ ਹਾਂ। ਇਹ ਸ਼ਬਦ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕਹੇ। ਵਿਕਰਮਜੀਤ ਵੱਲੋਂ ਸੰਸਦ ਵਿੱਚ ਆਪਣੇ 100 ਦਿਨਾਂ ਦਾ ਰਿਪੋਰਟ ਕਾਰਡ ਅੱਜ ਮੀਡੀਆ ਸਾਹਮਣੇ ਪੇਸ਼ ਕੀਤਾ ਗਿਆ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਮੁੱਦਿਆਂ ‘ਤੇ ਉਨ੍ਹਾਂ ਦਾ ਸਾਥ ਦਿੱਤਾ, ਜਿਹੜੇ ਉਹ ਵੱਖ-ਵੱਖ ਪੱਧਰ ‘ਤੇ ਦਿੱਲੀ ਲੈ ਕੇ ਗਏ |

ਮੀਡੀਆ ਸਾਹਮਣੇ ਆਪਣਾ 100 ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਕਰਦਿਆਂ, ਵਿਕਰਮਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਐਮਐਸਪੀ ਅਤੇ ਸੀਏਸੀਪੀ ਵਿੱਚ ਪੰਜਾਬ ਦਾ ਪੱਖ ਰੱਖਿਆ, ਪੰਜਾਬ ਐਮਐਸਪੀ ਤਹਿਤ ਅਨਾਜ ਦੀ ਖਰੀਦ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਂਦਾ ਹੈ। ਉਸਨੂੰ ਇਨ੍ਹਾਂ ਦੋਹਾਂ ਗੱਲਾਂ ਵਿਚ ਉਚਿਤ ਪ੍ਰਤੀਨਿਧਤਾ ਮਿਲਣੀ ਚਾਹੀਦੀ ਹੈ।

ਇਸ ਤੋਂ ਇਲਾਵਾ, ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਨਾ ਕਰਨ, ਸਰਾਵਾਂ ਤੋਂ ਜੀ.ਐਸ.ਟੀ ਹਟਾਉਣ, ਪੰਜਾਬ ਲਈ ਵਿਆਪਕ ਵਿੱਤੀ ਪੈਕੇਜ, ਪੰਜਾਬ ਵਿਚ ਉਦਯੋਗਾਂ ਨੂੰ ਦਰਪੇਸ਼ ਸਮੱਸਿਆਵਾਂ, ਵੰਡ ਦਿਵਸ ‘ਤੇ ਕੈਂਡਲ ਮਾਰਚ, ਸ਼ਹੀਦ ਭਗਤ ਸਿੰਘ ਐਜੂਕੇਸ਼ਨ ਫੰਡ, ਇਕ ਕਾਬਲ ਪਾਇਲਟ ਨੂੰ 5 ਲੱਖ 80 ਰੁਪਏ ਹਜ਼ਾਰ ਰੁਪਏ ਦੀ ਸਹਾਇਤਾ, ਪੰਜਾਬ ਨੂੰ ਦੂਰਸੰਚਾਰ ਅਤੇ ਰੇਲਵੇ ਮੰਤਰਾਲੇ ਦੀ ਮਦਦ, ਪਰਾਲੀ ਸਾੜਨ ਪ੍ਰਤੀ ਜਾਗਰੂਕਤਾ, ਇਤਿਹਾਸ ਨੂੰ ਸੰਭਾਲਣ ਲਈ ਜਲ੍ਹਿਆਂਵਾਲਾ ਬਾਗ ਵਿੱਚ ਸੁਧਾਰ, ਪੰਜਾਬ ਲਈ ਪੰਜ ਵਿਸ਼ਵ ਪੱਧਰੀ ਹੁਨਰ ਕੇਂਦਰਾਂ ਦਾ ਐਲਾਨ ਅਤੇ 5000 ਨੌਕਰੀਆਂ, ਪੰਜਾਬ ਵਿੱਚ ਸਿਵਲ ਐਵੀਏਸ਼ਨ ਅਤੇ ਸਟੀਲ ਨਾਲ ਸਬੰਧਤ ਮੁੱਦੇ ਉਠਾਏ, ਫੌਜ ਦੀ ਭਰਤੀ ਮੁਹਿੰਮ ਅਤੇ ਪੰਜਾਬ ਵਿੱਚ ਡਿਫੈਂਸ ਉਦਯੋਗ ਦੀ ਸਥਾਪਨਾ, ਸਾਰਾਗੜ੍ਹੀ ਦੀ ਲੜਾਈ ‘ਤੇ ਸਮਾਗਮ ਦਾ ਆਯੋਜਨ, ਪੰਜਾਬ ਵਿੱਚ ਨਿਵੇਸ਼ ਲਿਆਉਣ ਲਈ ਉਦਯੋਗਿਕ ਮੁਖੀਆਂ ਨਾਲ ਮੁਲਾਕਾਤ, ਮੀਟ ਪ੍ਰੋਸੈਸਿੰਗ ਯੂਨਿਟਾਂ ‘ਤੇ ਮਨਮਾਨੀਆਂ ਫੀਸਾਂ, ਲੁਧਿਆਣਾ ਦੇ ਉਦਯੋਗਿਕ ਵਫ਼ਦ ਦੀ ਮੁੱਖ ਮੰਤਰੀ ਨਾਲ ਮੀਟਿੰਗ, ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਰੋਪ-ਵੇਅ ਪ੍ਰੋਜੈਕਟ, ਪੰਜਾਬ ਦੇ ਸਮੂਹ ਆਈ.ਟੀ.ਆਈ ਵਿਦਿਆਰਥੀਆਂ ਨੂੰ ਦੀਵਾਲੀ ਦੇ ਤੋਹਫੇ ਆਦਿ ਵਰਨਣਯੋਗ ਹਨ।

ਵਿਕਰਮਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਉਨ੍ਹਾਂ ਦਾ ਸੁਪਨਾ ਜਲਦੀ ਹੀ ਪੂਰਾ ਹੋਵੇਗਾ ਅਤੇ ਇਸ ਪ੍ਰੋਜੈਕਟ ਤਹਿਤ ਦਸੰਬਰ ਮਹੀਨੇ ਵਿੱਚ ਅੰਮ੍ਰਿਤਸਰ ਵਿੱਚ 1000 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਇਹ ਨੌਕਰੀਆਂ ਵੱਖ-ਵੱਖ ਖੇਤਰਾਂ, ਜਿਵੇਂ ਪ੍ਰਾਹੁਣਚਾਰੀ, ਕਾਲ ਸੈਂਟਰ, ਹਸਪਤਾਲ, ਇਲੈਕਟ੍ਰੀਸ਼ੀਅਨ, ਪਲੰਬਰ ਆਦਿ ਵਿੱਚ ਪ੍ਰਦਾਨ ਕੀਤੀਆਂ ਜਾਣਗੀਆਂ। ਆਈ.ਟੀ.ਆਈ. ਲੁਧਿਆਣਾ ਨੂੰ ਲਗਭਗ 2.5 ਕਰੋੜ ਰੁਪਏ ਦੀ ਲਾਗਤ ਨਾਲ ਉਦਯੋਗਿਕ ਲਿੰਕੇਜ ਨਾਲ ਆਧੁਨਿਕ ਮਸ਼ੀਨਰੀ ਰਾਹੀਂ ਸੈਂਟਰ ਆਫ਼ ਐਕਸੀਲੈਂਸ ਵਿੱਚ ਤਬਦੀਲ ਕੀਤਾ ਜਾਵੇਗਾ।

ਸੰਸਦ ਦੇ ਆਉਣ ਵਾਲੇ ਸੈਸ਼ਨ ਵਿੱਚ ਪੰਜਾਬ ਨਾਲ ਸਬੰਧਤ ਹਰ ਮੌਜੂਦਾ ਮੁੱਦੇ ਨੂੰ ਉਠਾਇਆ ਜਾਵੇਗਾ। ਪੰਜਾਬ ਦੀ ਸੇਵਾ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ, ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਨੇ ਕਿਹਾ ਕਿ ਆਉਣ ਵਾਲੇ ਸੰਸਦੀ ਸੈਸ਼ਨ ਦੌਰਾਨ ਪੰਜਾਬ ਦੇ ਅਹਿਮ ਮੁੱਦੇ ਉਠਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

Scroll to Top