ਨਵੀਂ ਦਿੱਲੀ/ਚੰਡੀਗੜ੍ਹ 20 ਦਸੰਬਰ 2022: ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਮੰਗਲਵਾਰ ਨੂੰ ਸੰਸਦ ਵਿੱਚ ਇੱਕ ਅਹਿਮ ਮੁੱਦਾ ਉਠਾਉਂਦਿਆਂ ਵਿਦੇਸ਼ਾਂ ਤੋਂ ਬਦਨਾਮ ਗੈਂਗਸਟਰਾਂ ਨੂੰ ਤੁਰੰਤ ਭਾਰਤ ਵਾਪਸ ਲਿਆਉਣ ਦੀ ਮੰਗ ਕੀਤੀ।ਰਾਜ ਸਭਾ ‘ਚ ਆਪਣੇ ਸੰਬੋਧਨ ਦੌਰਾਨ ਸੰਸਦ ਮੈਂਬਰ ਰਾਘਵ ਚੱਢਾ (Raghav Chadha) ਨੇ ਕਿਹਾ ਕਿ ਇਹ ਮੁੱਦਾ ਸਿਰਫ਼ ਪੰਜਾਬ ਦਾ ਹੀ ਨਹੀਂ ਸਗੋਂ ਪੂਰੇ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ, ਇਸ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵਿਦੇਸ਼ਾਂ ‘ਚੋਂ ਗੈਂਗਸਟਰਾਂ ਨੂੰ ਤੁਰੰਤ ਵਾਪਸ ਲਿਆ ਕੇ ਉਨ੍ਹਾਂ ‘ਤੇ ਸਖ਼ਤ ਕਾਰਵਾਈ ਕਰੇ ਅਤੇ ਉਨ੍ਹਾਂ ਦੇ ਗੁਨਾਹਾਂ ਦੀ ਕੜੀ ਸਜ਼ਾ ਦਿੱਤੀ ਜਾਵੇ।
ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਅਤੇ ਪੰਜਾਬ ਵਿੱਚ ਹੋ ਰਹੇ ਹਿੰਸਕ ਅਪਰਾਧਾਂ ਵਿੱਚ ਉੱਤਰੀ ਅਮਰੀਕਾ ਤੋਂ ਆਏ ਗੈਂਗਸਟਰਾਂ ਦੀ ਸ਼ਮੂਲੀਅਤ ਦਾ ਜ਼ਿਕਰ ਕਰਦਿਆਂ ਐਮ.ਪੀ ਚੱਢਾ ਨੇ ਕਿਹਾ ਕਿ ਇਨ੍ਹਾਂ ਅਪਰਾਧੀਆਂ ਕਾਰਨ ਕਈ ਮਾਵਾਂ ਆਪਣੇ ਲਾਡਲੇ ਪੁੱਤ ਗੁਆ ਚੁੱਕੀਆਂ ਹਨ। ਕੇਂਦਰ ਸਰਕਾਰ ਅਤੇ ਕੇਂਦਰੀ ਏਜੰਸੀਆਂ ਨੂੰ ਉਨ੍ਹਾਂ ‘ਤੇ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ।
ਭਾਜਪਾ ਸਰਕਾਰ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀਆਂ ਨੇ ਵੀ ਹਾਲ ਹੀ ਵਿਚ ਮੰਨਿਆ ਹੈ ਕਿ ਕਈ ਖ਼ੌਫ਼ਨਾਕ ਗੈਂਗਸਟਰ ਵਿਦੇਸ਼ਾਂ ਤੋਂ ਭਾਰਤ ਵਿਚ ਫਿਰੌਤੀ ਦਾ ਕਾਰੋਬਾਰ ਚਲਾ ਰਹੇ ਹਨ ਪਰ ਇਸ ਦੇ ਬਾਵਜੂਦ ਕੇਂਦਰ ਇਨ੍ਹਾਂ ਦੋਸ਼ੀਆਂ ਦੀ ਹਵਾਲਗੀ ਲਈ ਕਿਉਂ ਜ਼ੋਰ ਨਹੀਂ ਦੇ ਰਿਹਾ ਹੈ।
ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਗੈਂਗਸਟਰਾਂ ਨੂੰ ਤੁਰੰਤ ਭਾਰਤ ਲਿਆ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਕੁਝ ਦੇਸ਼ ਇਨ੍ਹਾਂ ਅਪਰਾਧੀਆਂ ਦੇ ਸੁਰੱਖਿਅਤ ਠਿਕਾਣੇ ਬਣ ਚੁੱਕੇ ਹਨ। ਉਨ੍ਹਾਂ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਨੂੰ ਆਪਣੇ ਸਵਾਰਥਾਂ ਲਈ ਅਪਰਾਧੀਆਂ ਨੂੰ ਸਰਪ੍ਰਸਤੀ ਦੇਣ ਲਈ ਆੜੇ ਹੱਥੀਂ ਲਿਆ ਅਤੇ ਕਿਹਾ ਕਿ ਉਨ੍ਹਾਂ ਕਾਰਨ ਕਈ ਬੇਕਸੂਰਾਂ ਦੀ ਜਾਨ ਵੀ ਜਾ ਚੁੱਕੀ ਹੈ।