July 7, 2024 5:01 pm
Congress

ਰਾਜਾ ਵੜਿੰਗ ਨੇ PM ਮੋਦੀ ਨੂੰ ਕਣਕ ਦੇ ਨਿਰਯਾਤ ‘ਤੇ ਲੱਗੀ ਪਾਬੰਦੀ ਹਟਾਉਣ ਦੀ ਕੀਤੀ ਮੰਗ

ਚੰਡੀਗੜ੍ਹ 26 ਮਈ 2022: ਕੇਂਦਰ ਸਰਕਾਰ ਵਲੋਂ ਕਣਕ ਦੇ ਨਿਰਯਾਤ ’ਤੇ ਪਾਬੰਦੀ ਲਗਾਈ ਹੈ | ਇਸ ਮੁੱਦੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Raja Warring)ਨੇ ਦੇਸ਼ ਵਿੱਚੋਂ ਕਣਕ ਦੇ ਨਿਰਯਾਤ ’ਤੇ ਲੱਗੀ ਪਾਬੰਦੀ ਹਟਾਉਣ ਦੀ ਮੰਗ ਕੀਤੀ ਹੈ। ਇਸਦੇ ਨਾਲ ਹੀ ਰਾਜਾ ਵੜਿੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੂੰ ਪੱਤਰ ਲਿਖ ਕੇ ਲਗਾਈ ਪਾਬੰਦੀ ‘ਤੇ ਮੁੜ ਵਿਚਾਰ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਦੇਸ਼ ਵਿਚ ਪਹਿਲਾਂ ਹੀ ਭਾਰੀ ਭੰਡਾਰ ਹਨ ਅਤੇ ਕਣਕ ਦੀ ਅੰਤਰਰਾਸ਼ਟਰੀ ਮੰਗ ਵਧ ਰਹੀ ਹੈ।

ਰਾਜਾ ਵੜਿੰਗ (Raja Warring) ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਹ ਮੁੱਦਾ ਪ੍ਰਧਾਨ ਮੰਤਰੀ ਮੋਦੀ ਕੋਲ ਉਠਾਉਣ ਦੀ ਅਪੀਲ ਕੀਤੀ ਹੈ, ਕਿਉਂਕਿ ਕਣਕ ਦੇ ਨਿਰਯਾਤ ‘ਤੇ ਪਾਬੰਦੀ ਨੇ ਪੰਜਾਬ ਦੇ ਕਿਸਾਨਾਂ ਦਾ ਵਧੇਰੇ ਨੁਕਸਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਗੁਦਾਮ ਅਤੇ ਵੇਅਰਹਾਊਸ ਸਮਰੱਥਾ ਅਨੁਸਾਰ ਭਰੇ ਪਏ ਹਨ ਅਤੇ ਵੱਡੀ ਮਾਤਰਾ ਵਿੱਚ ਕਣਕ ਸੜ ਰਹੀ ਹੈ।

ਉਨ੍ਹਾਂ ਕਿਹਾ ਕਿ ਅਸਲ ਵਿਚ ਅਜਿਹਾ ਲੰਬੇ ਸਮੇਂ ਤੋਂ ਹੋ ਰਿਹਾ ਹੈ। ਹੁਣ ਭਾਰਤ ਲਈ ਲੋੜਵੰਦ ਦੇਸ਼ਾਂ ਨੂੰ ਵਾਧੂ ਕਣਕ ਨਿਰਯਾਤ ਕਰਨ ਦਾ ਸਮਾਂ ਆ ਗਿਆ ਹੈ, ਜਦੋਂ ਜੰਗ ਕਾਰਨ ਰੂਸ ਅਤੇ ਯੂਕਰੇਨ ਤੋਂ ਸਪਲਾਈ ਪੂਰੀ ਤਰ੍ਹਾਂ ਬੰਦ ਹੋ ਗਈ ਹੈ। ਵੜਿੰਗ ਨੇ ਕਿਹਾ ਕਿ ਕਈ ਦੇਸ਼ਾਂ ਵੱਲੋਂ ਕਣਕ ਦੀ ਮੰਗ ਲਗਾਤਾਰ ਵਧ ਰਹੀ ਹੈ ਅਤੇ ਕੀਮਤਾਂ ਵਧ ਗਈਆਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹੇ ਮੌਕੇ ਅਕਸਰ ਨਹੀਂ ਆਉਂਦੇ, ਇਸ ਲਈ ਸਾਨੂੰ ਪਾਬੰਦੀਆਂ ਵਿੱਚ ਢਿੱਲ ਦੇਣੀ ਚਾਹੀਦੀ ਹੈ ਅਤੇ ਕਿਸਾਨਾਂ ਨੂੰ ਮਾਰਕੀਟ ਵਿੱਚ ਮੌਜੂਦ ਅਨੁਕੂਲ ਸਥਿਤੀਆਂ ਦਾ ਫਾਇਦਾ ਉਠਾਉਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ।

ਰਾਜਾ ਵੜਿੰਗ ਨੇ ਕਿਹਾ ਕਿ ਉਹ ਦੇਸ਼ ਵਿੱਚ ਅਨਾਜ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਸਮੇਤ ਕੀਮਤਾਂ ਵਿੱਚ ਵਾਧੇ ਨੂੰ ਰੋਕਣ ਲਈ ਭਾਰਤ ਸਰਕਾਰ ਦੀਆਂ ਚਿੰਤਾਵਾਂ ਨੂੰ ਸਮਝ ਸਕਦੇ ਹਨ। ਖਾਸ ਕਰਕੇ ਜਦੋਂ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਇਸ ਦੌਰਾਨ ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਮੌਜੂਦਾ ਅੰਕੜਿਆਂ ਅਨੁਸਾਰ ਦੇਸ਼ ਕੋਲ ਢੁਕਵੀਂ ਮਾਤਰਾ ਵਿੱਚ ਭੰਡਾਰ ਮੌਜੂਦ ਹੈ ਅਤੇ ਇਸ ਸਾਲ ਉਤਪਾਦਨ ਵੀ ਚੰਗਾ ਹੋਇਆ ਹੈ ਅਤੇ ਦੇਸ਼ ਸਰਪਲੱਸ ਮਾਤਰਾ ਨੂੰ ਵੱਖ ਕਰਕੇ ਨਿਰਯਾਤ ਕਰ ਸਕਦਾ ਹੈ।ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਨਿਰਯਾਤ ‘ਤੇ ਪਾਬੰਦੀ ਹਟਾਉਣ ਨਾਲ ਭਾਰਤ ਦਾ ਆਧਾਰ ਵੀ ਵਧੇਗਾ, ਕਿਉਂਕਿ ਵਿਸ਼ਵ ਨੂੰ ਕਣਕ ਦੀ ਬਹੁਤ ਲੋੜ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਪ੍ਰਧਾਨ ਮੰਤਰੀ ਇਸ ਮੰਗ ‘ਤੇ ਢੁੱਕਵਾਂ ਵਿਚਾਰ ਕਰਨਗੇ।