Raja Warring

ਰਾਜਾ ਵੜਿੰਗ ਨੇ ਗੈਂਗਸਟਰਾਂ ਵਲੋਂ ਫੋਨ ‘ਤੇ ਧਮਕੀਆਂ ਦੇ ਮਾਮਲੇ ‘ਚ ਮਾਨ ਸਰਕਾਰ ‘ਤੇ ਚੁੱਕੇ ਸਵਾਲ

ਚੰਡੀਗੜ੍ਹ 23 ਜੂਨ 2022: ਪੰਜਾਬ ਕਾਂਗਰਸ ਵਲੋਂ ਅੱਜ ਯਾਨੀ ਵੀਰਵਾਰ ਨੂੰ ਪ੍ਰੈਸ ਕਾਨਫਰੰਸ ਕੀਤੀ ਗਈ | ਇਸ ਦੌਰਾਨ ਕਾਂਗਰਸ ਨੇ ਭਗਵੰਤ ਮਾਨ ਸਰਕਾਰ ‘ਤੇ ਗੰਭੀਰ ਦੋਸ਼ ਲਾਏ ਹਨ। ਪੰਜਾਬ ਕਾਂਗਰਸ ਨੇ ਕਿਹਾ ਕਿ ਸੂਬੇ ਵਿੱਚ ਪੂਰੀ ਤਰ੍ਹਾਂ ਜੰਗਲਾਰਾਜ ਬਣ ਗਿਆ ਹੈ, ਹਰ ਕਿਸੇ ਨੂੰ ਰੋਜ਼ਾਨਾ ਕਿਸੇ ਨਾ ਕਿਸੇ ਗੈਂਗਸਟਰ ਦੀ ਫੋਨ ‘ਤੇ ਧਮਕੀ ਦਿੱਤੀ ਜਾ ਰਹੀਆਂ ਹਨ । ਉਨ੍ਹਾਂ ਕਿਹਾ ਲੋਕ ਹੁਣ ਫੋਨ ਚੁੱਕਣ ਤੋਂ ਵੀ ਡਰਨ ਲੱਗੇ ਹਨ ਕਿ ਕਿਤੇ ਧਮਕੀ ਵਾਲਾ ਨਾ ਹੋਵੇ।

ਇਸ ਦੌਰਾਨ ਰਾਜਾ ਵੜਿੰਗ (Raja Warring) ਨੇ ਕਿਹਾ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ, ਪੰਜਾਬ ‘ਚ ਜੰਗਲਰਾਜ ਦਾ ਕਾਨੂੰਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੁਕਤਸਰ ‘ਚ ਵੀ ਇੱਕ ਕਮਿਸ਼ਨ ਏਜੰਟ ਆੜ੍ਹਤੀਏ ਨੂੰ ਧਮਕੀ ਵਾਲਾ ਫੋਨ ਆਇਆ ਹੈ, ਹਾਲਾਂਕਿ ਉਹ ਉਸਦਾ ਨਾਂਅ ਨਹੀਂ ਦੱਸਣਗੇ।

ਇਸਦੇ ਨਾਲ ਹੀ ਕਾਂਗਰਸੀ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਅੱਤਵਾਦ ਦਾ ਦੌਰ ਵੀ ਵੇਖਿਆ ਹੈ, ਉਦੋਂ ਵੀ ਅਜਿਹਾ ਮਾਹੌਲ ਸੀ। ਉਨਾਂ ਕਿਹਾ ਕਿ ਸਾਡੇ ਕਾਂਗਰਸ ਆਗੂ ਓਪੀ ਸੋਨੀ ਨੂੰ ਵੀ ਧਮਕੀ ਮਿਲੀ ਹੈ, ਜਿਸ ਸਬੰਧੀ ਅਸੀਂ ਸਭ ਨੂੰ ਜਾਣੂੰ ਕਰਵਾ ਦਿੱਤਾ ਹੈ, ਪਰ ਸਾਡੇ ਮੁੱਖ ਮੰਤਰੀ ਜਿਹੜੇ ਗ੍ਰਹਿ ਮੰਤਰੀ ਵੀ ਹਨ, ਇਹ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਜਿਹੇ ਮਾਮਲਿਆਂ ਵਿੱਚ ਖੁੱਲ੍ਹ ਕੇ ਗੱਲ ਕਰਨ, ਪਰ ਅਜਿਹਾ ਕੁੱਝ ਹੁੰਦਾ ਨਜ਼ਰ ਨਹੀਂ ਆ ਰਿਹਾ ।

ਉਨ੍ਹਾਂ ਕਿਹਾ ਕਿ ਸਾਡੇ ਮੁੱਖ ਮੰਤਰੀ ਨੇ 2 ਦਿਨਾਂ ਬਾਅਦ ਫਿਰ ਅਰਵਿੰਦ ਕੇਜਰੀਵਾਲ ਨਾਲ ਕੁੱਲੂ ਮਨਾਲੀ ਜਾਣ ਦਾ ਪ੍ਰੋਗਰਾਮ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮਾਨ ਸਾਹਿਬ ਥੋੜ੍ਹਾ ਪੰਜਾਬ ਵੱਲ ਵੀ ਧਿਆਨ ਦਿਓ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਮਾਨ ਨੂੰ ਅਪੀਲ ਕਰਦੇ ਹਨ ਕਿ ਉਕਤ ਮਾਮਲੇ ਨੂੰ ਧਿਆਨ ਨਾਲ ਲਓ, ਕੁੱਲੂ ਮਨਾਲੀ ਦੇ ਚੱਕਰਾਂ ਨੂੰ ਛੱਡੋ।

ਪ੍ਰੈਸ ਕਾਨਫਰੰਸ ਵਿੱਚ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Warring), ਵਿਧਾਇਕ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਰੰਧਾਵਾ, ਸੁਖਵਿੰਦਰ ਸਿੰਘ ਸੁੱਖ ਸਰਕਾਰੀਆ, ਅਰੁਣਾ ਚੌਧਰੀ, ਵਿਧਾਇਕ ਸੁਖਪਾਲ ਖਹਿਰਾ (Sukhpal Khaira), ਕੈਪਟਨ ਸੰਦੀਪ ਸੰਧੂ ਅਤੇ ਤ੍ਰਿਪਤ ਰਜਿੰਦਰ ਬਾਜਵਾ ਵੀ ਮੌਜੂਦ ਰਹੇ ।

Scroll to Top