ਚੰਡੀਗੜ੍ਹ 14 ਜੁਲਾਈ 2022: ਵਿਜੀਲੈਂਸ ਵਲੋਂ ਸਾਬਕ ਮੰਤਰੀ ਸੰਗਤ ਸਿੰਘ ਗਿਲਜੀਆ ਦੇ ਭਤੀਜੇ ਦਲਜੀਤ ਸਿੰਘ ਦੀ ਗ੍ਰਿਫਤਾਰੀ ‘ਤੇ ਪੰਜਾਬ ਕਾਂਗਰਸ ਦੇ ਪ੍ਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਗਵੰਤ ਮਾਨ ਸਰਕਾਰ ‘ਤੇ ਬਦਲਾਖੋਰੀ ਦੇ ਦੋਸ਼ ਲਗਾਏ ਹਨ |ਰਾਜਾ ਵੜਿੰਗ ਨੇ ਟਵੀਟ ਕਰਦਿਆਂ ਕਿਹਾ ਕਿ ਬਿਨਾਂ ਕਿਸੇ ਸਬੂਤ ਦੇ ਦਲਜੀਤ ਸਿੰਘ ਦੀ ਗ੍ਰਿਫਤਾਰੀ ‘ਤੇ ਵਿਜੀਲੈਂਸ ਨੂੰ ਸਿਆਸੀ ਬਦਲਾਖੋਰੀ ‘ਤੇ ਰੋਕ ਲਗਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਿਸੇ ਦਾ ਰਿਸ਼ਤੇਦਾਰ ਹੋਣਾ ਕੋਈ ਜੁਰਮ ਨਹੀਂ ਹੈ। ਸੱਤਾ ਦੀ ਸ਼ਰੇਆਮ ਦੁਰਵਰਤੋਂ ਕੀਤੀ ਜਾ ਰਹੀ ਹੈ ਅਤੇ ਸਿਆਸੀ ਬਦਲਾਖੋਰੀ ਬੰਦ ਹੋਣੀ ਚਾਹੀਦੀ ਹੈ।
ਜਿਕਰਯੋਗ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆ ਦੇ ਭਤੀਜੇ ਦਲਜੀਤ ਸਿੰਘ ਗਿਲਜੀਆ (Daljit Singh Gilzia) ਨੂੰ ਕੱਲ੍ਹ ਦੇਰ ਸ਼ਾਮ ਚੰਡੀਗੜ੍ਹ ਦੇ ਸੈਕਟਰ 37 ਤੋਂ ਗ੍ਰਿਫਤਾਰ ਕੀਤਾ ਹੈ | ਇਸਦੇ ਚੱਲਦੇ ਅੱਜ ਵਿਜੀਲੈਂਸ ਬਿਊਰੋ ਵਲੋਂ ਦਲਜੀਤ ਸਿੰਘ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ |
ਦਲਜੀਤ ਸਿੰਘ ਗਿਲਜੀਆ ਠੇਕੇਦਾਰਾਂ ਤੋਂ ਪੈਸੇ ਵਸੂਲਣ ਲਈ ਵਿਚੋਲੇ ਵਜੋਂ ਕੰਮ ਕਰਦਾ ਸੀ। ਇਸ ਤੋਂ ਇਲਾਵਾ ਉਹ ਅਧਿਕਾਰੀਆਂ ਦੇ ਤਬਾਦਲੇ, ਗੈਰ-ਕਾਨੂੰਨੀ ਮਾਈਨਿੰਗ, ਟ੍ਰੀ ਗਾਰਡ ਖਰੀਦਣ, ਖੈਰ ਦੇ ਦਰੱਖਤਾਂ ਦੀ ਕਟਾਈ ਲਈ ਪਰਮਿਟ ਜਾਰੀ ਕਰਨ, ਹਾਈਵੇਅ ਨੇੜੇ ਸੜਕਾਂ ਬਣਾਉਣ ਲਈ ਵਪਾਰਕ ਅਦਾਰਿਆਂ ਨੂੰ ਐਨਓਸੀ ਦੇਣ ਸਮੇਤ ਵਿਭਾਗ ਦੇ ਹੋਰ ਕੰਮਾਂ ਵਿੱਚ ਰਿਸ਼ਵਤਖੋਰੀ ਦਾ ਦੋਸ਼ ਲਗਾਇਆ ਗਿਆ ਹੈ |