ਚੰਡੀਗੜ੍ਹ 25 ਅਗਸਤ 2022: ਜਿੱਥੇ ਪਾਕਿਸਤਾਨ (Pakistan) ਵਿਚ ਆਰਥਿਕ ਸੰਕਟ ਅਤੇ ਰਾਜਨੀਤਿਕ ਅਸਥਿਰਤਾ ਵਧ ਰਹੀ ਹੈ, ਉੱਥੇ ਹੀ ਬਾਰਿਸ਼ ਅਤੇ ਹੜ੍ਹਾਂ ਨੇ ਵੀ ਦੇਸ਼ ਵਿਚ ਜ਼ਬਰਦਸਤ ਤਬਾਹੀ ਮਚਾਈ ਹੈ। ਇਸ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਸਰਕਾਰ ਨੇ ਕੌਮਾਂਤਰੀ ਭਾਈਚਾਰੇ ਨੂੰ ਤੁਰੰਤ ਮਦਦ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਸ਼ਰੀਫ ਸਰਕਾਰ ਨੇ ਕਿਹਾ ਹੈ ਕਿ ਦੱਖਣੀ ਏਸ਼ੀਆ ‘ਚ ਜਲਵਾਯੂ ਪਰਿਵਰਤਨ ਦੇ ਵਿਨਾਸ਼ਕਾਰੀ ਪ੍ਰਭਾਵਾਂ ਤੋਂ ਪਾਕਿਸਤਾਨ ਪ੍ਰਭਾਵਿਤ ਹੋਇਆ ਹੈ। ਇਸ ਲਈ ਕੌਮਾਂਤਰੀ ਭਾਈਚਾਰੇ ਨੂੰ ਉਸ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।
ਸਿੰਧ, ਬਲੋਚਿਸਤਾਨ ਅਤੇ ਪੰਜਾਬ ਪ੍ਰਾਂਤਾਂ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਨੇ ਵੱਡੀ ਤਬਾਹੀ ਮਚਾਈ ਹੈ। ਵੈਸੇ, ਖੈਬਰ ਪਖਤੂਨਖਵਾ ਵਿੱਚ ਵੀ ਕਈ ਮੌਤਾਂ ਹੋਈਆਂ ਹਨ। ਵੀਰਵਾਰ ਸਵੇਰੇ ਅਧਿਕਾਰਤ ਤੌਰ ‘ਤੇ ਦੱਸਿਆ ਗਿਆ ਕਿ ਇਸ ਤਬਾਹੀ ਕਾਰਨ 900 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਖੇਤੀ ਅਤੇ ਪਸ਼ੂ ਧਨ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਸੈਂਕੜੇ ਘਰ ਅਤੇ ਸੜਕਾਂ ਰੁੜ੍ਹ ਗਈਆਂ ਹਨ। ਅਜਿਹੇ ਸਮੇਂ ਜਦੋਂ ਪਾਕਿਸਤਾਨ ਪਹਿਲਾਂ ਹੀ ਆਰਥਿਕ ਸੰਕਟ ਵਿੱਚ ਹੈ |
ਮੀਡੀਆ ਰਿਪੋਰਟਾਂ ਮੁਤਾਬਕ ਇਕੱਲੇ ਬਲੋਚਿਸਤਾਨ ਸੂਬੇ ਵਿਚ 710 ਕਿਲੋਮੀਟਰ ਸੜਕਾਂ ਅਤੇ 18 ਪੁਲ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਕਰੀਬ 20 ਹਜ਼ਾਰ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸਦੇ ਨਾਲ ਹੀ ਪੰਜ ਲੱਖ ਤੋਂ ਵੱਧ ਪਸ਼ੂਆਂ ਦੀ ਵੀ ਮੌਤ ਹੋ ਚੁੱਕੀ ਹੈ। ਇਸੇ ਤਰ੍ਹਾਂ ਦੀਆਂ ਰਿਪੋਰਟਾਂ ਹੋਰਨਾਂ ਸੂਬਿਆਂ ਤੋਂ ਵੀ ਪ੍ਰਾਪਤ ਹੋਈਆਂ ਹਨ।