ਰਾਹੁਲ ਗਾਂਧੀ

ਕਾਂਗਰਸ ਦੇ ਪੱਖ ‘ਚ ਚੋਣ ਪ੍ਰਚਾਰ ਲਈ ਰਾਹੁਲ ਗਾਂਧੀ ਇਕ ਵਾਰ ਫਿਰ ਪੰਜਾਬ ਦਾ ਕਰਨਗੇ ਦੌਰਾ

ਚੰਡੀਗੜ੍ਹ 09 ਫਰਵਰੀ 2022: ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜਰ ਕਾਂਗਰਸ ਦੇ ਪੱਖ ‘ਚ ਮਾਹੌਲ ਬਣਾਉਣ ਲਈ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ  ਇਕ ਵਾਰ ਫਿਰ ਪੰਜਾਬ ਦਾ ਦੌਰਾ ਕਰਨਗੇ । ਰਾਹੁਲ ਗਾਂਧੀ ਹੁਣ ਤੱਕ ਪੰਜਾਬ ‘ਚ ਚੋਣ ਦੌਰਾਨ 2 ਵਾਰ ਦੌਰਾ ਕਰ ਚੁੱਕੇ ਹਨ, ਜਿਸ ਦੇ ਤਹਿਤ ਉਨ੍ਹਾਂ ਨੇ ਜਲੰਧਰ ਅਤੇ ਲੁਧਿਆਣਾ ‘ਚ ਵਰਚੁਅਲ ਤੌਰ ’ਤੇ 2 ਚੋਣ ਬੈਠਕਾਂ ਨੂੰ ਸੰਬੋਧਨ ਕੀਤਾ ਸੀ।

ਇਸ ਦੌਰਾਨ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਦਾ ਇਕ ਹੋਰ ਪ੍ਰੋਗਰਾਮ ਤਿਆਰ ਕੀਤਾ ਜਾ ਰਿਹਾ ਹੈ। ਇਸ ਸੰਬੰਧ ‘ਚ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਪ੍ਰਿਯੰਕਾ ਗਾਂਧੀ ਵੀ ਪੰਜਾਬ ਦੌਰੇ ’ਤੇ ਆਉਣਗੇ ਤਾਂ ਉਨ੍ਹਾਂ ਕਿਹਾ ਕਿ ਅੰਤਿਮ ਪੜਾਅ ’ਚ ਪ੍ਰਿਯੰਕਾ ਗਾਂਧੀ ਵੀ ਪੰਜਾਬ ‘ਚ ਚੋਣ ਬਿਗੁਲ ਵਜਾਏਗੀ। ਇਸਦੇ ਨਾਲ ਹੀ ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਜਲਦ ਹੀ ਪੰਜਾਬ ‘ਚ ਕਾਂਗਰਸ ਸ਼ਾਸਿਤ ਸੂਬਿਆਂ ਜਿਵੇਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਆਦਿ ਸੂਬੇ ਦੇ ਦੌਰੇ ’ਤੇ ਆ ਸਕਦੇ ਹਨ। ਪੰਜਾਬ ਚੋਣਾਂ ਦੇ ਮੱਦੇਨਜਰ ਕਾਂਗਰਸ ਵੱਲੋਂ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਸਚਿਨ ਪਾਇਲਟ ਵਰਗੇ ਨੇਤਾਵਾਂ ਨੂੰ ਵੀ ਪੰਜਾਬ ਭੇਜਿਆ ਜਾ ਸਕਦਾ ਹੈ।

Scroll to Top