July 2, 2024 7:18 pm

ਰਾਹੁਲ ਗਾਂਧੀ ਨੇ ਟਵੀਟ ਰਾਹੀਂ ਪੀਐਮ ਮੋਦੀ ‘ਤੇ ਸਾਧੇ ਨਿਸ਼ਾਨਾ

ਚੰਡੀਗੜ੍ਹ, 15 ਜਨਵਰੀ 2022 : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਕੇਂਦਰ ਦੀ ਭਾਜਪਾ ਸਰਕਾਰ ‘ਤੇ ਬੇਰੁਜ਼ਗਾਰੀ, ਮਹਿੰਗਾਈ ਅਤੇ ‘ਨਫ਼ਰਤ ਦੇ ਮਾਹੌਲ’ ਨੂੰ ਲੈ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਟਵਿੱਟਰ ਪੋਲ ਲਈ ਲੋਕਾਂ ਦੇ ਸਾਹਮਣੇ ਸਵਾਲ ਰੱਖਿਆ ਕਿ ‘ਭਾਜਪਾ ਸਰਕਾਰ ਦੀ ਸਭ ਤੋਂ ਵੱਡੀ ਕਮੀ ਕੀ ਰਹੀ ਹੈ?’ ਇਸ ਦੇ ਲਈ ਰਾਹੁਲ ਗਾਂਧੀ ਨੇ ‘ਬੇਰੁਜ਼ਗਾਰੀ, ਟੈਕਸ ਵਸੂਲੀ, ਮਹਿੰਗਾਈ, ਨਫ਼ਰਤ ਦਾ ਮਾਹੌਲ’ ਦੇ ਰੂਪ ਵਿੱਚ ਲੋਕਾਂ ਨੂੰ ਚਾਰ ਵਿਕਲਪ ਵੀ ਦਿੱਤੇ। ਉਹ ਬੇਰੁਜ਼ਗਾਰੀ ਅਤੇ ਮਹਿੰਗਾਈ ਦੇ ਮੁੱਦਿਆਂ ਨੂੰ ਲੈ ਕੇ ਅਕਸਰ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਦੇ ਰਹੇ ਹਨ।

ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਇਕ ਖਬਰ ਦਾ ਹਵਾਲਾ ਦਿੰਦੇ ਹੋਏ ਦੋਸ਼ ਲਗਾਇਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਚੀਨ ਦੇ ਹਮਲੇ ਦੇ ਖਿਲਾਫ ਆਪਣੀ ‘ਅਕਿਰਿਆਸ਼ੀਲਤਾ’ ਨਾਲ ਦੋਸਤਾਨਾ ਗੁਆਂਢੀ ਦੇਸ਼ਾਂ ਨੂੰ ਖਤਰੇ ‘ਚ ਪਾ ਦਿੱਤਾ ਹੈ। ਉਨ੍ਹਾਂ ਟਵੀਟ ਕੀਤਾ, ”ਮੋਦੀ ਸਰਕਾਰ ਨੇ ਪਹਿਲਾਂ ਸਾਡੀ ਜ਼ਮੀਨ ਸੌਂਪੀ ਅਤੇ ਹੁਣ ਚੀਨ ਨੂੰ ਪਿਛੇ ਧੱਕਣ ‘ਚ ਅਸਮਰੱਥਾ ਕਰਕੇ ਸਾਡੇ ਨੇੜਲੇ ਗੁਆਂਢੀਆਂ ਨੂੰ ਖਤਰੇ ‘ਚ ਪਾ ਦਿੱਤਾ ਹੈ। ਜੇ ਤੁਸੀਂ ਆਪਣੇ ਲਈ ਨਹੀਂ ਖੜੇ ਹੋ ਤਾਂ ਤੁਸੀਂ ਆਪਣੇ ਦੋਸਤਾਂ ਲਈ ਕਿਵੇਂ ਖੜੇ ਹੋਵੋਗੇ?

ਕਾਂਗਰਸ ਵੱਲੋਂ ਦਿੱਤੀ ਗਈ ਖਬਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚੀਨ ਨੇ ਭੂਟਾਨ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਪਿੰਡ ਬਣਾਏ ਹਨ। ਲੱਦਾਖ ‘ਚ ਅਸਲ ਕੰਟਰੋਲ ਰੇਖਾ ‘ਤੇ ਭਾਰਤ ਅਤੇ ਚੀਨ ਵਿਚਾਲੇ ਪਿਛਲੇ ਕਈ ਮਹੀਨਿਆਂ ਤੋਂ ਤਣਾਅ ਚੱਲ ਰਿਹਾ ਹੈ। ਹਾਲ ਹੀ ਵਿੱਚ, ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਗੱਲਬਾਤ ਦੇ 14ਵੇਂ ਦੌਰ ਵਿੱਚ, ਭਾਰਤ ਨੇ ਪੂਰਬੀ ਲੱਦਾਖ ਵਿੱਚ ਟਕਰਾਅ ਦੇ ਬਾਕੀ ਬਚੇ ਸਥਾਨਾਂ ਤੋਂ ਫੌਜਾਂ ਨੂੰ ਜਲਦੀ ਵਾਪਸ ਬੁਲਾਉਣ ‘ਤੇ ਜ਼ੋਰ ਦਿੱਤਾ।