ਚੰਡੀਗੜ੍ਹ 15 ਦਸੰਬਰ 2022: ਅਰੁਣਾਚਲ ਪ੍ਰਦੇਸ਼ ‘ਚ ਐੱਲਏਸੀ (LAC) ‘ਤੇ ਚੀਨ ਨਾਲ ਟਕਰਾਅ ਦੇ ਵਿਚਕਾਰ ਆਖ਼ਰੀ ਰਾਫੇਲ ਲੜਾਕੂ ਜਹਾਜ਼ (Rafale fighter jet) ਭਾਰਤ ਪਹੁੰਚ ਗਿਆ ਹੈ। ਇਸ ਆਖ਼ਰੀ ਖੇਪ ਦੇ ਨਾਲ ਭਾਰਤ ਅਤੇ ਫਰਾਂਸ ਵਿਚਕਾਰ ਰਾਫੇਲ ਸੌਦਾ ਪੂਰਾ ਹੋ ਗਿਆ ਹੈ । ਭਾਰਤੀ ਹਵਾਈ ਸੈਨਾ ਨੇ ਕਿਹਾ ਕਿ 36ਵਾਂ ਰਾਫੇਲ ਲੜਾਕੂ ਜਹਾਜ਼ ਵੀਰਵਾਰ ਨੂੰ ਭਾਰਤ ‘ਚ ਉਤਰਿਆ।
ਭਾਰਤ ਅਤੇ ਫਰਾਂਸ ਵਿਚਾਲੇ ਕੁੱਲ 36 ਰਾਫੇਲ ਲੜਾਕੂ ਜਹਾਜ਼ਾਂ ਦਾ ਸੌਦਾ ਹੋਇਆ ਸੀ ਅਤੇ ਹੁਣ ਭਾਰਤ ਨੂੰ ਸਾਰੇ 36 ਰਾਫੇਲ ਮਿਲ ਗਏ ਹਨ। ਭਾਰਤੀ ਹਵਾਈ ਸੈਨਾ ਨੇ ਦੱਸਿਆ ਕਿ 36 ਰਾਫੇਲ ਲੜਾਕੂ ਜਹਾਜ਼ਾਂ ਵਿੱਚੋਂ ਆਖ਼ਰੀ ਵੀਰਵਾਰ ਨੂੰ ਫਰਾਂਸ ਦੇ ਰਸਤੇ ਸੰਯੁਕਤ ਅਰਬ ਅਮੀਰਾਤ ਪਹੁੰਚਿਆ। ਇੱਥੇ ਰਾਫੇਲ ਨੇ ਹਵਾਈ ਸੈਨਾ ਦੇ ਟੈਂਕਰ ਤੋਂ ਬਾਲਣ ਲਿਆ ਅਤੇ ਫਿਰ ਭਾਰਤ ਵਿੱਚ ਉਤਰਿਆ।
ਜਾਣਕਾਰੀ ਮੁਤਾਬਕ ਰਾਫੇਲ ਲੜਾਕੂ ਜਹਾਜ਼ਾਂ (Rafale fighter jet) ਦਾ ਇਕ ਸਕੁਐਡਰਨ ਪਾਕਿਸਤਾਨ ਨਾਲ ਲੱਗਦੀ ਪੱਛਮੀ ਸਰਹੱਦ ਅਤੇ ਉੱਤਰੀ ਸਰਹੱਦ ‘ਤੇ ਨਜ਼ਰ ਰੱਖੇਗਾ, ਜਦਕਿ ਦੂਜਾ ਸਕੁਐਡਰਨ ਭਾਰਤ ਦੇ ਪੂਰਬੀ ਸਰਹੱਦੀ ਖੇਤਰ ‘ਤੇ ਨਜ਼ਰ ਰੱਖੇਗਾ। ਰੱਖਿਆ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਰਾਫੇਲ ਸੌਦਾ ਪੂਰਾ ਹੋਣ ਨਾਲ ਭਾਰਤੀ ਹਵਾਈ ਸੈਨਾ ਦੀ ਤਾਕਤ ਵਿੱਚ ਵੱਡਾ ਵਾਧਾ ਹੋਇਆ ਹੈ। ਖਾਸ ਤੌਰ ‘ਤੇ ਅਜਿਹੇ ਸਮੇਂ ਜਦੋਂ ਚੀਨ ਨਾਲ ਅੰਤਰਰਾਸ਼ਟਰੀ ਸਰਹੱਦਾਂ ‘ਤੇ ਤਣਾਅ ਅਤੇ ਸੰਘਰਸ਼ ਚੱਲ ਰਿਹਾ ਹੈ। ਵੀਰਵਾਰ ਨੂੰ ਭਾਰਤ ਪਹੁੰਚਿਆ 36ਵਾਂ ਰਾਫੇਲ ਲੜਾਕੂ ਜਹਾਜ਼ ਜਲਦੀ ਹੀ ਹਵਾਈ ਸੈਨਾ ਦੇ ਸਕੁਐਡਰਨ ਦਾ ਹਿੱਸਾ ਬਣ ਜਾਵੇਗਾ।