ਚੰਡੀਗੜ੍ਹ, 15 ਮਈ 2024: ਗਵਾਲੀਅਰ (Gwalior) ਸ਼ਾਹੀ ਪਰਿਵਾਰ ਦੀ ਰਾਣੀ ਅਤੇ ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਦੀ ਮਾਂ ਮਾਧਵੀ ਰਾਜੇ ਸਿੰਧੀਆ ਦਾ ਬੁੱਧਵਾਰ ਸਵੇਰੇ ਦਿਹਾਂਤ ਹੋ ਗਿਆ। ਉਨ੍ਹਾਂ ਨੇ 70 ਸਾਲ ਦੀ ਉਮਰ ‘ਚ ਆਖਰੀ ਸਾਹ ਲਏ। ਮਾਧਵੀ ਰਾਜੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੀ ਸੀ।
ਦਿੱਲੀ ਦੇ ਏਮਜ਼ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਮਾਧਵੀ ਰਾਜੇ ਨੇ ਸਵੇਰੇ 9:28 ‘ਤੇ ਆਖਰੀ ਸਾਹ ਲਿਆ। ਉਹ ਪਿਛਲੇ ਕੁਝ ਦਿਨਾਂ ਤੋਂ ਵੈਂਟੀਲੇਟਰ ‘ਤੇ ਸੀ ਅਤੇ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਹੀ ਸੀ। ਉਨ੍ਹਾਂ ਨੂੰ 15 ਫਰਵਰੀ ਨੂੰ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਸੀ। ਉਸ ਨੂੰ ਸੇਪਸਿਸ ਦੇ ਨਾਲ ਨਿਮੋਨੀਆ ਸੀ। ਜੋਤੀਰਾਦਿੱਤਿਆ ਸਿੰਧੀਆ ਗੁਨਾ-ਸ਼ਿਵਪੁਰੀ ਸੰਸਦੀ ਸੀਟ ਤੋਂ ਭਾਜਪਾ ਉਮੀਦਵਾਰ ਹਨ, ਜਿੱਥੇ 7 ਮਈ ਨੂੰ ਵੋਟਿੰਗ ਹੋਈ ਸੀ। ਚੋਣ ਪ੍ਰਚਾਰ ਦੌਰਾਨ ਵੀ ਸਿੰਧੀਆ ਲਗਾਤਾਰ ਦਿੱਲੀ ਦਾ ਦੌਰਾ ਕਰਦੇ ਰਹੇ।
ਰਾਜਮਾਤਾ ਮਾਧਵੀ ਰਾਜੇ ਸਿੰਧੀਆ, ਸੀਨੀਅਰ ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਦੀ ਮਾਂ, ਮੂਲ ਰੂਪ ਵਿੱਚ ਨੇਪਾਲ ਦੀ ਰਹਿਣ ਵਾਲੀ ਸੀ। ਉਹ ਨੇਪਾਲ ਦੇ ਸ਼ਾਹੀ ਪਰਿਵਾਰ ਨਾਲ ਸਬੰਧਤ ਸੀ। ਉਨ੍ਹਾਂ ਨੇ ਦਾਦਾ ਜੁਧ ਸ਼ਮਸ਼ੇਰ ਬਹਾਦਰ ਨੇਪਾਲ ਦੇ ਪ੍ਰਧਾਨ ਮੰਤਰੀ ਸਨ। ਉਨ੍ਹਾਂ ਦਾ ਵਿਆਹ ਸਾਲ 1966 ਵਿੱਚ ਮਾਧਵਰਾਓ ਸਿੰਧੀਆ (Gwalior) ਨਾਲ ਹੋਇਆ ਸੀ।