ਚੰਡੀਗੜ੍ਹ, 08 ਜੂਨ 2023: ਨੰਗਲ ਫਲਾਈਉਵਰ (Nangal Flyover) ਦੀ ਪ੍ਰਗਤੀ ਸਬੰਧੀ ਅਗਲੀ ਮੀਟਿੰਗ 14 ਜੂਨ 2023 ਨੂੰ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਦੀ ਪ੍ਰਧਾਨਗੀ ਹੇਠ ਹੋਵੇਗੀ। ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਪ੍ਰਧਾਨਗੀ ਵਿੱਚ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਨੰਗਲ ਫਲਾਈਉਵਰ ਦੇ ਕੰਮ ਸਬੰਧੀ ਹਫਤਾਵਾਰੀ ਸਮੀਖਿਆ ਕੀਤੀ ਗਈ।
ਮੀਟਿੰਗ ਵਿੱਚ ਭਾਰਤੀ ਰੇਲਵੇ, ਲੋਕ ਨਿਰਮਾਣ ਵਿਭਾਗ ਪੰਜਾਬ, ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਨਗਰ ਕੌਂਸਲ ਨੰਗਲ, ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਉਸਾਰੀ ਕਰਨ ਵਾਲੀ ਕੰਪਨੀ ਦੇ ਅਧਿਕਾਰੀ ਹਾਜ਼ਰ ਸਨ। ਰੇਲਵੇ ਦੇ ਅਧਿਕਾਰੀਆਂ ਨੇ ਕੈਬਨਿਟ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਭਵਿੱਖ ਵਿਚ ਨੰਗਲ ਫਲਾਈਉਵਰ ਦੀ ਉਸਾਰੀ ਸਬੰਧੀ ਹਰ ਤਰ੍ਹਾਂ ਦੀ ਪ੍ਰਵਾਨਗੀ ਪਹਿਲ ਦੇ ਆਧਾਰ ‘ਤੇ ਦਿੱਤੀ ਜਾਵੇਗੀ।
ਕੈਬਨਿਟ ਮੰਤਰੀ ਵਲੋਂ ਮੀਟਿੰਗ ਦੌਰਾਨ ਉਸਾਰੀ ਕੰਪਨੀ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਹੁਣ ਫਲਾਈਉਵਰ (Nangal Flyover) ਦੀ ਉਸਾਰੀ ਵਿਚ ਤੈਅ ਸਮਾਂ ਸੀਮਾ ਦੀ ਪਾਲਣਾ ਨਾ ਕੀਤੀ ਤਾਂ ਉਹ ਕੰਪਨੀ ਖ਼ਿਲਾਫ਼ ਭਾਰਤ ਸਰਕਾਰ ਦੇ ਰਾਜਮਾਰਗ ਵਿਭਾਗ ਅਤੇ ਰੇਲਵੇ ਨੂੰ ਪੱਤਰ ਲਿਖ ਕੇ ਭਵਿੱਖ ਵਿੱਚ ਕੋਈ ਠੇਕਾ ਨਾ ਦੇਣ ਅਤੇ ਕੰਪਨੀ ਨੂੰ ਬਲੈਕ ਲਿਸਟ ਕਰਨ ਬਾਰੇ ਲਿਖਣਗੇ। ਮੀਟਿੰਗ ਦੌਰਾਨ ਸ. ਬੈਂਸ ਨੇ ਨਗਰ ਕੌਂਸਲ ਨੰਗਲ ਅਤੇ ਬੀ.ਬੀ.ਐਮ.ਬੀ.ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨੰਗਲ ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ ਤੁਰੰਤ ਕੀਤੀ ਜਾਵੇ।