July 4, 2024 9:28 pm
Harbhajan Singh ETO

ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵਲੋਂ ਵਿਭਾਗ ਦੀਆਂ ਬਰਾਂਚਾਂ ਦੀ ਅਚਨਚੇਤ ਚੈਕਿੰਗ

ਚੰਡੀਗੜ੍ਹ 20 ਮਈ 2022: ਪੰਜਾਬ ਮੰਤਰੀ ਮੰਡਲ ਦੇ ਮੰਤਰੀਆਂ ਵਲੋਂ ਪੰਜਾਬ ਦੇ ਵੱਖ ਵੱਖ ਵਿਭਾਗਾਂ ਦੀ ਅਚਨਚੇਤ ਚੈਕਿੰਗ ਦੀ ਖਬਰਾਂ ਸਾਹਮਣੇ ਆਉਂਦੀਆਂ ਹਨ | ਇਸਦੇ ਚੱਲਦੇ ਅੱਜ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ (Harbhajan Singh ETO) ਨੇ ਪੰਜਾਬ ਸਿਵਲ ਸਕੱਤਰੇਤ-2 ਦੀਆਂ ਤਿੰਨਾਂ ਬਰਾਂਚਾਂ ਦੀ ਅਚਨਚੇਤ ਚੈਕਿੰਗ ਕੀਤੀ।

ਇਸ ਦੌਰਾਨ ਉਨ੍ਹਾਂ ਨੇ ਬਰਾਂਚਾਂ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਕੰਮਾਂ ਬਾਰੇ ਜਾਇਜ਼ਾ ਲਿਆ। ਇਸਦੇ ਨਾਲ ਹੀ ਉਨ੍ਹਾਂ ਨੇ ਵਿਭਾਗ ਨਾਲ ਸਬੰਧਤ 11 ਤਰਸ ਦੇ ਆਧਾਰ ‘ਤੇ ਨੌਕਰੀ ਦੇ ਮਾਮਲਿਆਂ ਨੂੰ ਜਲਦ ਨਜਿੱਠਣ ਦੇ ਦਿਸ਼ਾ ਨਿਰਦੇਸ਼ ਦਿੱਤੇ।

ਇਸ ਮੌਕੇ ‘ਤੇ ਹਰਭਜਨ ਸਿੰਘ ਈਟੀਓ (Harbhajan Singh ETO) ਨੇ ਕਰਮਚਾਰੀਆਂ ਨੂੰ ਆਪਣਾ ਕੰਮ ਤਨਦੇਹੀ ਨਾਲ ਅਤੇ ਲੋਕ ਹਿੱਤ ‘ਚ ਸਮੇਂ ਸੀਮਾ ਅਧੀਨ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰੀ ਸੇਵਾ ਸਹੀ ਢੰਗ ਨਾਲ ਨਿਭਾਉਣੀ ਤੇ ਭ੍ਰਿਸ਼ਟਾਚਾਰ ਰਹਿਤ ਸੇਵਾ ਕਰਨੀ ਹੀ ਵਿਅਕਤੀ ਦਾ ਨਿਸ਼ਚਾ ਹੋਣਾ ਚਾਹੀਦਾ ਹੈ।

ਉਨ੍ਹਾਂ ਨੇ ਸਰਕਾਰੀ ਇਮਾਰਤਾਂ ਦੀ ਰਿਪੇਅਰ, ਕਰਮਚਾਰੀਆਂ ਦੇ ਏਸੀਪੀ, ਬਕਾਏ, ਪੈਨਸ਼ਨ ਆਦਿ ਕੰਮਾਂ ਦੀ ਇੱਕ ਮੁਕੰਮਲ ਰਿਪੋਰਟ ਇੱਕ ਹਫ਼ਤੇ ‘ਚ ਪੇਸ਼ ਕਰਨ ਦੇ ਆਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਜਿੱਥੇ ਪੈਡਿੰਗ ਕੰਮ ਵਾਲੇ ਕਰਮਚਾਰੀਆਂ ਨੂੰ ਤਾੜਨਾ ਕੀਤੀ, ਉੱਥੇ ਹੀ ਚੰਗੀ ਸੇਵਾ ਨਿਭਾਉਣ ਵਾਲੇ ਕਰਮਚਾਰੀਆਂ ਦੀ ਸਰਾਹਨਾ ਵੀ ਕੀਤੀ।