ਚੰਡੀਗੜ੍ਹ 16 ਮਈ 2022: ਪੰਜਾਬ ਵਿਚ ਆਮ ਆਦਮੀ ਪਾਰਟੀ ਸਰਕਾਰ ਦੇ ਦੋ ਮਹੀਨੇ ਪੂਰੇ ਹੋ ਚੁੱਕੇ ਹਨ | ਇਸ ਮੌਕੇ ‘ਤੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਵਲੋਂ ਸੂਬੇ ਦੇ ਲੋਕਾਂ ਦੀ ਸਮੱਸਿਆਵਾਂ ਨੂੰ ਨੂੰ ਲੈ ਕੇ ਜਨਤਾ ਦਰਬਾਰ ਲਗਾਇਆ ਗਿਆ ਤੇ ਜਨਤਕ ਸੁਣਵਾਈ ਕੀਤੀ ਗਈ । ਚੰਡੀਗੜ੍ਹ ਸਥਿਤ ਰਾਜ ਭਵਨ ਵਿਚ ਅੱਜ ਸੂਬੇ ਦੇ ਲੋਕਾਂ ਨਾਲ ਜਨਤਕ ਮਿਲਣੀ ਰੱਖੀ ਗਈ ਜਿਥੇ ਮੁੱਖ ਮੰਤਰੀ ਸੂਬਾ ਵਾਸੀਆਂ ਨਾਲ ਸਿੱਧਾ ਰਾਬਤਾ ਬਣਾ ਰਹੇ ਹਨ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ।
ਦੂਜੇ ਪਾਸੇ ਮਾਨ ਸਰਕਾਰ ਨੂੰ ਵਿਰੋਧੀ ਧਿਰਾਂ ਵਲੋਂ ਵੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਦੌਰਾਨ ਭਾਜਪਾ ਨੇ ਵੀ ਪੰਜਾਬ ਸਰਕਾਰ ‘ਤੇ ਤਿੱਖੇ ਹਮਲੇ ਕੀਤੇ । ਇਸ ਦੌਰਾਨ ਪੰਜਾਬ ਦੇ ਸੀਨੀਅਰ ਭਾਜਪਾ ਆਗੂ ਹਰਜੀਤ ਗਰੇਵਾਲ (Harjeet Grewal) ਨੇ ਕਿਹਾ ਕਿ ਸਰਕਾਰ ਦੇ 2 ਮਹੀਨਿਆਂ ‘ਚ ਕਿੰਨੇ ਕਤਲ ਹੋਏ, ਕਿੰਨੀਆਂ ਖੁਦਕੁਸ਼ੀਆਂ ਹੋਈਆਂ, ਸਭ ਤੁਹਾਡੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਜਦੋਂ 2 ਮਹੀਨਿਆਂ ‘ਚ ਪੰਜਾਬ ਸਰਕਾਰ ਦੀ ਇਹ ਹਾਲਤ ਹੈ ਤਾਂ ਇਸ ਨੂੰ ਦੇਖ ਕੇ ਲੱਗਦਾ ਹੈ ਕਿ 6 ਮਹੀਨਿਆਂ ‘ਚ ਇਹ ਸਰਕਾਰ ਪੰਜਾਬ ਨੂੰ ਖਤਮ ਕਰ ਦੇਵੇਗੀ।
ਇਸਦੇ ਨਾਲ ਹੀ ਉਨ੍ਹਾਂ ਨੇ ਸੁਨੀਲ ਜਾਖੜ ਦੇ ਭਾਜਪਾ ‘ਚ ਸ਼ਾਮਲ ਹੋਣ ‘ਤੇ ਕਿਹਾ ਕਿ ਜਾਖੜ ਰਾਸ਼ਟਰੀ ਸੋਚ ਰੱਖਦੇ ਹਨ, ਜੇਕਰ ਉਹ ਭਾਜਪਾ ‘ਚ ਸ਼ਾਮਲ ਹੋਣਾ ਚਾਹੁੰਦੇ ਹਨ ਤਾਂ ਅਸੀਂ ਉਨ੍ਹਾਂ ਦਾ ਸਵਾਗਤ ਕਰਾਂਗੇ। ਉਨ੍ਹਾਂ ਕਿਹਾ ਜੋ ਵੀ ਆਗੂ ਭਾਜਪਾ ਵਿੱਚ ਸ਼ਾਮਲ ਹੁੰਦਾ ਹੈ, ਉਸ ਦਾ ਸਾਡੇ ਆਗੂਆਂ ਦੀ ਅਗਵਾਈ ਅਤੇ ਸਾਡੀਆਂ ਨੀਤੀਆਂ ਨੂੰ ਸਵੀਕਾਰ ਕਰਕੇ ਆਉਣ ਲਈ ਸਵਾਗਤ ਹੈ। ਹੁਣ ਤੱਕ ਅਸੀਂ ਸੁਨੀਲ ਜਾਖੜ ਨਾਲ ਸੰਪਰਕ ਨਹੀਂ ਕੀਤਾ ਅਤੇ ਨਾ ਹੀ ਉਨ੍ਹਾਂ ਨੇ ਸਾਡੇ ਨਾਲ ਸੰਪਰਕ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਸੱਚ ਕੀ ਹੈ, ਜਾਖੜ ਨੇ ਖੁਦ ਆ ਕੇ ਸਭ ਦੇ ਸਾਹਮਣੇ ਦੱਸ ਦਿੱਤਾ ਹੈ।