Partap Bajwa

ਪੰਜਾਬ ਦੀ ਸਿਹਤ ਪ੍ਰਣਾਲੀ ਢਹਿ-ਢੇਰੀ ਹੋ ਰਹੀ ਹੈ: ਪ੍ਰਤਾਪ ਬਾਜਵਾ

ਚੰਡੀਗੜ੍ਹ 09 ਨਵੰਬਰ 2022: ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬੁੱਧਵਾਰ ਨੂੰ ਭਗਵੰਤ ਮਾਨ ਸਰਕਾਰ ਨੂੰ ਸੂਬੇ ਦੇ ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਨਿਘਰ ਰਹੀ ਸਿਹਤ ਸੰਭਾਲ ਪ੍ਰਣਾਲੀ ਨੂੰ ਲੈ ਕੇ ਆੜੇ ਹੱਥੀਂ ਲਿਆ ਹੈ। ਬਾਜਵਾ ਨੇ ਕਿਹਾ ਕਿ ਲਗਪਗ 600 ਪੇਂਡੂ ਡਿਸਪੈਂਸਰੀਆਂ ਨੂੰ ਪਿਛਲੇ 10 ਮਹੀਨਿਆਂ ਤੋਂ ਜ਼ਰੂਰੀ ਦਵਾਈਆਂ ਨਹੀਂ ਮਿਲੀਆਂ ਹਨ ਅਤੇ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਸਪਲਾਈ ਬਹਾਲ ਕਰਨ ਬਾਰੇ ਕੋਈ ਸਮਝ ਨਹੀਂ ਆ ਰਹੀ ਹੈ।

ਉਨ੍ਹਾਂ ਕਿਹਸ ਸੂਬੇ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੰਤਰੀ ਦੀ ਕਮਸਮਝੀ ਤੇ ਲਾਪ੍ਰਵਾਹੀ ਦਾ ਅੰਦਾਜ਼ਾ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਛੇ ਮਹੀਨੇ ਪਹਿਲਾਂ 10 ਕਰੋੜ ਰੁਪਏ ਵਿਭਾਗ ਨੂੰ ਪੇਂਡੂ ਡਿਸਪੈਂਸਰੀਆਂ ਲਈ ਦਵਾਈਆਂ ਖਰੀਦਣ ਲਈ ਵਿਸ਼ੇਸ਼ ਤੌਰ ‘ਤੇ ਦਿੱਤੇ ਗਏ ਸਨ, ਇਹ ਸਾਰੀ ਰਕਮ ਬਰਬਾਦ ਹੋ ਗਈ ਪਰ ਦਵਾਈਆਂ ਨਹੀਂ ਖ੍ਰੀਦੀਆਂ ਗਈਆਂ। ਵਿਭਾਗ ਦੇ ਅਧਿਕਾਰੀਆਂ ਨੇ ਗਰਾਂਟ ਨੂੰ ਖਤਮ ਹੋਣ ਦਿੱਤਾ ਕਿਉਂਕਿ ਉਹ ਨਿਰਧਾਰਤ ਸਮੇਂ ਦੇ ਅੰਦਰ ਜ਼ਰੂਰੀ ਦਵਾਈਆਂ ਖਰੀਦਣ ਵਿੱਚ ਅਸਫਲ ਰਹੇ।

ਬਾਜਵਾ ਨੇ ਖੁਲਾਸਾ ਕੀਤਾ ਕਿ ਪਿਛਲੀਆਂ ਦੋ ਦਵਾਈਆਂ ਦੀ ਖਰੀਦ ਕਾਂਗਰਸ ਸਰਕਾਰ ਵੇਲੇ ਕੀਤੀ ਗਈ ਸੀ। “ਆਮ ਆਦਮੀ ਪਾਰਟੀ” (ਆਪ) ਦੀ ਸਰਕਾਰ ਨੂੰ ਸੱਤਾ ਵਿੱਚ ਆਏ ਲਗਭਗ ਅੱਠ ਮਹੀਨੇ ਹੋ ਗਏ ਹਨ।ਭਗਵੰਤ ਮਾਨ ਸਰਕਾਰ ਇਸ ਸਮੇਂ ਦੌਰਾਨ ਪੇਂਡੂ ਡਿਸਪੈਂਸਰੀਆਂ ਲਈ ਦਵਾਈਆਂ ਦੀ ਇੱਕ ਵੀ ਖਰੀਦ ਕਰਨ ਵਿੱਚ ਅਸਫਲ ਰਹੀ ਹੈ।

ਬਾਜਵਾ ਨੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀ ਸੂਬੇ ਵਿੱਚ ਢਹਿ ਢੇਰੀ ਹੋ ਰਹੀ ਸਿਹਤ ਸੰਭਾਲ ਪ੍ਰਣਾਲੀ ਨੂੰ ਸੁਧਾਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹਿਣ ਲਈ ਵੀ ਜੰਮ ਕੇ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੋ ਵੱਡੇ ਤਖਤਾਂ ‘ਤੇ ਸਵਾਰ ਹੋ ਕੇ ਸੱਤਾ ‘ਚ ਆਈ ਹੈ। ਇੱਕ ਉਨ੍ਹਾਂ ਨੇ ਰਾਜ ਵਿੱਚ ਸਕੂਲ ਅਤੇ ਉੱਚ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਕਰਨ ਦਾ ਵਾਅਦਾ ਕੀਤਾ ਅਤੇ ਦੂਜਾ ਸਿਹਤ ਸੰਭਾਲ ਪ੍ਰਣਾਲੀ ਵਿੱਚ ਸੁਧਾਰ ਕਰਨ ਦਾ ਦਾਅਵਾ ਕੀਤਾ।

ਜਦੋਂ ਕਿ ਕੇਂਦਰ ਸਰਕਾਰ ਦੁਆਰਾ ਕਰਵਾਏ ਗਏ ਤਾਜ਼ਾ ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ ਪਿਛਲੀ ਕਾਂਗਰਸ ਸਰਕਾਰ ਦੇ ਦੌਰਾਨ ਸਕੂਲੀ ਸਿੱਖਿਆ ਦੀ ਗੁਣਵੱਤਾ ਪਹਿਲਾਂ ਹੀ ਉੱਚੀ ਹੋ ਰਹੀ ਸੀ ਤੇ ਸਿਹਤ ਸੰਭਾਲ ਪ੍ਰਣਾਲੀ ਅਸਲ ਵਿੱਚ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਅਸਲ ‘ਚ ‘ਆਪ’ ਸਰਕਾਰ ਸਕੂਲੀ ਵਿਦਿਆਰਥੀਆਂ ਨੂੰ ਪਾਠ ਪੁਸਤਕਾਂ ਨਾ ਦੇ ਕੇ ਪਹਿਲਾਂ ਹੀ ਸਕੂਲੀ ਵਿਦਿਆਰਥੀਆਂ ਦੇ ਭਵਿੱਖ ਨਾਲ ਸਮਝੌਤਾ ਕਰ ਰਹੀ ਹੈ। ਅਤੇ ਸਿਹਤ ਦੇ ਮੋਰਚੇ ‘ਤੇ ਮੁਹੱਲਾ ਕਲੀਨਿਕਾਂ ਨੂੰ ਉਤਸ਼ਾਹਿਤ ਕਰਨ ਲਈ ‘ਆਪ’ ਸਰਕਾਰ ਸਿਹਤ ਸੰਭਾਲ ਪ੍ਰਣਾਲੀ ਨੂੰ ਖ਼ਤਰੇ ਵਿਚ ਪਾ ਰਹੀ ਹੈ।

Scroll to Top