ਪਟਿਆਲਾ 13 ਅਗਸਤ 2022 : ਅੱਜ ਕੰਪਿਊਟਰ ਲੇਖਕ ਡਾ. ਸੀ ਪੀ ਕੰਬੋਜ (Dr. CP Kamboj) ਦੀ ਪੁਸਤਕ “ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ” ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਰਿਲੀਜ਼ ਕੀਤੀ ਗਈ। ਇਸ ਸਮੇਂ ਉਨ੍ਹਾਂ ਦੇ ਨਾਲ ਡੀਨ ਭਾਸ਼ਾਵਾਂ ਪ੍ਰੋ. ਰਜਿੰਦਰ ਪਾਲ ਬਰਾੜ, ਮੁਖੀ ਪੰਜਾਬੀ ਵਿਭਾਗ ਪ੍ਰੋ. ਗੁਰਮੁਖ ਸਿੰਘ, ਮੁਖੀ ਪਬਲੀਕੇਸ਼ਨ ਬਿਊਰੋ ਪ੍ਰੋ. ਸੁਰਜੀਤ ਸਿੰਘ ਸਮੇਤ ਪੰਜਾਬੀ ਦੇ ਨਾਮਵਰ ਮਾਹਿਰ ਹਾਜ਼ਰ ਸਨ।
ਪੁਸਤਕ ਜਾਰੀ ਕਰਦਿਆਂ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਆਪਣੀ ਮਾਂ-ਬੋਲੀ ਪੰਜਾਬੀ ਵਿਚ ਪੰਜਾਬੀ ਦੇ ਸਾਫ਼ਟਵੇਅਰਾਂ, ਵੈੱਬਸਾਈਟਾਂ ਅਤੇ ਐਪਸ ਬਾਰੇ ਸਿਖਲਾਈ ਲੈਣ ਲਈ ਇਹ ਪੁਸਤਕ ਇਕ ਮਾਰਗ ਦਰਸ਼ਕ ਦਾ ਕੰਮ ਕਰੇਗੀ। ਪੁਸਤਕ ਦੇ ਲੇਖਕ ਡਾ. ਸੀ ਪੀ ਕੰਬੋਜ ਨੇ ਕਿਹਾ ਕਿ ਇਸ ਪੁਸਤਕ ਵਿਚ ਕੰਪਿਊਟਰ ਤੇ ਇੰਟਰਨੈੱਟ ਬਾਰੇ ਆਮ ਜਾਣਕਾਰੀ ਤੋਂ ਲੈ ਕੇ ਪੰਜਾਬੀ ਫੌਂਟ, ਕੀ-ਬੋਰਡ, ਟਾਈਪਿੰਗ, ਅੱਖਰ-2021 ਸਾਫ਼ਟਵੇਅਰ ਸਮੇਤ ਪੰਜਾਬੀ ਦੀਆਂ ਵੈੱਬਸਾਈਟਾਂ ਤੇ ਹੋਰ ਮਹੱਤਵਪੂਰਨ ਐਪਸ ਬਾਰੇ ਬਹੁਤ ਹੀ ਆਸਾਨ ਢੰਗ ਨਾਲ ਜਾਣਕਾਰੀ ਦਿੱਤੀ ਗਈ ਹੈ।
ਉਨ੍ਹਾਂ ਅੱਗੇ ਕਿਹਾ ਕਿ ਯੂਨੀਸਟਾਰ ਬੁੱਕਸ ਮੋਹਾਲੀ ਵੱਲੋਂ ਪ੍ਰਕਾਸ਼ਿਤ ਇਹ ਪੁਸਤਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਚਲਾਏ ਜਾਂਦੇ 120 ਘੰਟਿਆਂ ਦੇ ਤਿਮਾਹੀ ਸਰਟੀਫਿਕੇਟ ਕੋਰਸ, ਕੰਪਿਊਟਰ ਕਾਰਜਸ਼ਾਲਾਵਾਂ, ਬੀਏ, ਐੱਮਏ, ਡਿਪਲੋਮਾ ਇਨ ਕਾਰਜੀ ਪੰਜਾਬੀ ਅਤੇ ਦਿੱਲੀ ਯੂਨੀਵਰਸਿਟੀ ਦੇ ਹੁਨਰ ਵਿਕਾਸ ਪੇਪਰਾਂ ਦੇ ਪਾਠਕ੍ਰਮ ‘ਤੇ ਅਧਾਰਿਤ ਹੈ।
ਜ਼ਿਕਰਯੋਗ ਹੈ ਕਿ ਡਾ. ਸੀ ਪੀ ਕੰਬੋਜ (Dr. CP Kamboj) ਪੰਜਾਬੀ ਵਿਚ ਕੰਪਿਊਟਰ ਦੀਆਂ ਹੁਣ ਤੱਕ 31 ਪੁਸਤਕਾਂ ਲਿਖ ਚੁੱਕੇ ਹਨ। ਪੰਜਾਬੀ ਦੇ ਪ੍ਰਮੁੱਖ ਅਖ਼ਬਾਰਾਂ ਵਿਚ ਉਨ੍ਹਾਂ ਦੇ ਲਗਾਤਾਰ ਕਾਲਮ ਛਪਦੇ ਰਹਿੰਦੇ ਹਨ ਤੇ ਇਸ ਦੇ ਨਾਲ-ਨਾਲ ਉਹ ਆਕਾਸ਼ਵਾਣੀ ਪਟਿਆਲਾ, ਦੂਰਦਰਸ਼ਨ ਜਲੰਧਰ ਅਤੇ ਯੂ-ਟਿਊਬ ਚੈਨਲ ਦੇ ਮਾਧਿਅਮ ਰਾਹੀਂ ਪੰਜਾਬੀ ਕੰਪਿਊਟਰ ਦੀਆਂ ਤਕਨੀਕੀ ਗੁੰਝਲਾਂ ਦੀ ਲਗਾਤਾਰ ਸਿਖਲਾਈ ਮੁਹਿੰਮ ਚਲਾ ਰਹੇ ਹਨ।