ਪਟਿਆਲਾ 15, ਫਰਵਰੀ 2023: ਪੰਜਾਬੀ ਯੂਨੀਵਰਸਿਟੀ (Punjabi University) ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਦੀ ਅਗਵਾਈ ਵਿਚ ਭਾਈ ਵੀਰ ਸਿੰਘ ਦੀ 150ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਤਿੰਨ-ਰੋਜ਼ਾ ਵਿਸ਼ਵ ਕਾਨਫ਼ਰੰਸ ਅੱਜ ਤੋਂ ਸ਼ੁਰੂ ਹੋ ਗਈ ਹੈ | ਇਸ ਕਾਨਫਰੰਸ ਦੇ ਉਦਘਾਟਨੀ ਸਮਾਗਮ ਮੌਕੇ ਪੰਜਾਬ ਸਰਕਾਰ ਤੋਂ ਚੀਫ਼ ਸੈਕਟਰੀ ਵਿਜੇ ਕੁਮਾਰ ਜੰਜੂਆ, ਪਦਮਸ਼੍ਰੀ ਬਾਬਾ ਸੇਵਾ ਸਿੰਘ, ਖਡੂਰ ਸਾਹਿਬ ਨੇ ਵਿਸ਼ੇਸ਼ ਮਹਿਮਾਨ ਵਜੋਂ ਸਿ਼ਰਕਤ ਕੀਤੀ |
ਇਸ ਮੌਕੇ ਭਾਈ ਵੀਰ ਸਿੰਘ ਜੀ ਦੀਆਂ ਰਚਨਾਵਾਂ ‘ਤੇ ਅਧਾਰਿਤ ਆਰਟ ਗੈਲਰੀ ਦੇ ਸਹਿਯੋਗ ਨਾਲ ਲਗਾਈ ਗਈ ਪ੍ਰਦਰਸ਼ਨੀ ਦਾ ਉਦਘਾਟਨ ਚੀਫ਼ ਸੈਕਟਰੀ ਵਿਜੇ ਕੁਮਾਰ ਜੰਜੂਆ ਨੇ ਉਦਘਾਟਨ ਕਰਕੇ ਇਸ ਤਿੰਨ ਰੋਜ਼ਾ ਕਾਨਫਰੰਸ ਦੀ ਸ਼ੁਰੂਆਤ ਕਰਵਾਈ | ਇਸ ਮੌਕੇ ਪੰਜਾਬੀ ਯੂਨੀਵਰਸਿਟੀ (Punjabi University) ਦੀ ਮੈਨੇਜਮੈਂਟ ਵੱਲੋਂ ਇਸ ਕਾਨਫਰੰਸ ਵਿੱਚ ਆਈਆਂ ਹੋਈਆਂ ਸਾਰੀਆਂ ਮਹਾਨ ਸਖ਼ਸ਼ੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ | ਉੱਥੇ ਹੀ ਅਜਾਇਬਘਰ ਵਿਚ ਲਗਾਈ ਗਈ ਭਾਈ ਵੀਰ ਸਿੰਘ ਜੀ ਦੀਆਂ ਰਚਨਾਵਾਂ ਉੱਤੇ ਪ੍ਰਦਰਸ਼ਨੀ ਵੀ ਖਿੱਚ ਦਾ ਕੇਂਦਰ ਬਣੀ ਰਹੀਆਂ ਹਨ |
ਭਾਈ ਵੀਰ ਸਿੰਘ ਚੇਅਰ ਦੇ ਇੰਚਾਰਜ ਡਾ. ਹਰਜੋਧ ਸਿੰਘ ਨੇ ਦੱਸਿਆ ਕਿ ਇਸ ਕਾਨਫ਼ਰੰਸ ਦੇ ਇੱਕ ਹਿੱਸੇ ਵਜੋਂ ਭਾਈ ਵੀਰ ਸਿੰਘ ਜੀ ਦੀਆਂ ਰਚਨਾਵਾਂ ਉੱਤੇ ਅਧਾਰਰਿਤ ਕਲਾ ਪ੍ਰਦਰਸ਼ਨੀ ਵੀ ਲਗਾਈ ਗਈ ਹੈ ਅਤੇ ਇਸ ਕਾਨਫਰੰਸ ਵਿੱਚ ਪੰਜਾਬ ਤੋਂ ਇਲਾਵਾ ਵਿਦੇਸ਼ਾਂ ਤੋਂ ਆਏ ਵਿਦਵਾਨਾਂ ਵੱਲੋਂ ਭਾਈ ਵੀਰ ਸਿੰਘ ਜੀ ਦੀ ਜੀਵਨੀ ਉੱਤੇ ਵੱਖ-ਵੱਖ ਤਰ੍ਹਾਂ ਦੇ ਪਰਚੇ ਪੜ੍ਹੇ ਜਾਣਗੇ |