ਚੰਡੀਗੜ੍ਹ 09 ਨਵੰਬਰ 2022: ਪੰਜਾਬੀ ਗਾਇਕ ਹਰਭਜਨ ਮਾਨ ਇੰਡਸਟਰੀ ਦੇ ਵੱਡੇ ਗਾਇਕਾਂ ਵਿੱਚੋਂ ਇੱਕ ਹਨ। ਉਨ੍ਹਾਂ ਦੀ ਗਿਣਤੀ ਉਨ੍ਹਾਂ ਕਲਾਕਾਰਾਂ ਵਿੱਚ ਹੁੰਦੀ ਹੈ, ਜਿਨ੍ਹਾਂ ਨੇ ਸਾਫ਼ ਸੁਥਰੀ ਤੇ ਸੱਭਿਆਚਾਰਕ ਗਾਇਕੀ ‘ਚ ਆਪਣਾ ਨਾਂ ਚਮਕਾਇਆ ਹੈ। ਹਰਭਜਨ ਮਾਨ ਨੇ ਪੰਜਾਬੀ ਇੰਡਸਟਰੀ ‘ਚ 30 ਸਾਲ ਪੂਰੇ ਕਰ ਲਏ ਹਨ। ਇਸ ਮੌਕੇ ਉਹ ਕਾਫ਼ੀ ਭਾਵੁਕ ਵੀ ਮਹਿਸੂਸ ਹੋਏ ।
ਹਰਭਜਨ ਮਾਨ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ , ਜਿਸ ਵਿੱਚ ਉਨ੍ਹਾਂ ਨੇ ਆਪਣੇ ਫ਼ੈਨਜ਼ ਨੂੰ ਲਗਾਤਾਰ 30 ਸਾਲ ਉਨ੍ਹਾਂ ਨੂੰ ਪਿਆਰ ਦੇਣ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਲਿਖਿਆ, “ਹਾਲੇ ਮੈਂ ਆਪਣੀ ਉਮਰ ਦਾ ਕਰੀਬ ਇੱਕ ਦਹਾਕਾ ਹੀ ਟੱਪਿਆ ਸੀ, ਜਦੋਂ ਮੇਰੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਮੇਰੇ ਪਿੰਡ ਖੇਮੂਆਣਾ, ਪੰਜਾਬ ਤੋਂ ਹੋਈ। ਛੋਟੀ ਉਮਰੇ ਜਦੋਂ ਮੈਂ ਤੇ ਮੇਰਾ ਨਿੱਕਾ ਵੀਰ ਗੁਰਸੇਵਕ ਮਾਨ ਇਕੱਠੇ ਗਾਉਣ ਲੱਗੇ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਜਨੂੰਨ ਗਾਉਣਾ ਹੈ। ਗਾਇਕੀ ਦਾ ਇਹ ਜਨੂੰਨ ਮੇਰੀ ਸ਼ੁਰੂਆਤੀ ਜ਼ਿੰਦਗੀ ਦੇ ਹਰ ਪੜ੍ਹਾਅ ‘ਤੇ ਕਾਇਮ ਰਿਹਾ ਅਤੇ ਇਹੀ ਜਨੂੰਨ ਮੇਰੇ ਕਰੀਅਰ ਦੇ ਖਵਾਬ ਵਿੱਚ ਬਦਲ ਗਿਆ। ਮੇਰਾ ਇਹ ਖਵਾਬ ਸਾਲ 1992 ‘ਚ ਉਦੋਂ ਪੂਰਾ ਹੋਇਆ ਜਦੋਂ ਮੇਰੀ ਐਲਵਮ ‘ਚਿੱੱਠੀਏ ਨੀ ਚਿੱਠੀਏ’ ਨੂੰ ਪਿਆਰੇ ਸਰੋਤਿਆਂ ਨੇ ਬੇਹੱਦ ਪਿਆਰ ਦਿੱਤਾ। ਉਦੋਂ ਤੋਂ ਲੈਕੇ ਅੱਜ ਤੱਕ ਮੇਰੇ ਕਲਾਤਮਕ ਸਫ਼ਰ ਦੌਰਾਨ ਮੇਰੇ ਸੰਗੀਤ ਤੇ ਫ਼ਿਲਮਾਂ ਨੂੰ ਮੇਰੇ ਚਹੇਤਿਆਂ ਨੇ ਜੋ ਪਿਆਰ ਦਿੱਤਾ ਹੈ, ਉਸ ਲਈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ।”
ਉਨ੍ਹਾਂ ਨੇ ਅੱਗੇ ਲਿਖਿਆ, “ਹੁਣ ਇਸ ਸਾਲ ਮੈਂ ਤੁਹਾਡੇ ਸਾਰਿਆਂ ਨਾਲ ਆਪਣੇ ਸੰਗੀਤਕ ਸਫ਼ਰ ਦੇ 30 ਸਾਲ ਪੂਰੇ ਕਰ ਰਿਹਾ ਹਾਂ। ਇਸ ਖੂਬਸੂਰਤ ਪਲ ਨੂੰ ਇੱਕ ਯਾਦਗਾਰ ਬਣਾਉਂਦੇ ਹੋਏ ਮੈਂ ਆਪਣੀ ਨਵੀਂ ਐਲਬਮ, ‘ਮਾਈ ਵੇਅ- ਮੈਂ ਤੇ ਮੇਰੇ ਗੀਤ’ ਤੁਹਾਡੇ ਸਭ ਨਾਲ ਰਿਲੀਜ਼ ਕਰਨ ਦਾ ਐਲਾਨ ਕਰਦੇ ਹੋਏ ਬੇਹੱਦ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਇਸ ਐਲਬਮ ‘ਚ ਸ਼ਾਮਲ ਵੱਖ ਵੱਖ ਰੰਗਾਂ ਦੇ ਅੱਠ ਗੀਤ ਬਾਬੂ ਸਿੰਘ ਮਾਨ ਜੀ ਦੀ ਕਲਮ ਵਿੱਚੋਂ ਨਿਕਲੇ ਨੇ, ਜਿਸ ਨੂੰ ਲਾਡੀ ਗਿੱਲ ਨੇ ਆਪਣੀਆਂ ਸੰਗੀਤਕ ਧੁਨਾਂ ਨਾਲ ਸੰਗੀਤਬੱਧ ਕੀਤਾ ਹੈ। ਇਨ੍ਹਾਂ ਗੀਤਾਂ ਦਾ ਫਿਲਮਾਂਕਣ ਪੰਜਾਬ, ਹਿਮਾਚਲ ਪ੍ਰਦੇਸ਼, ਆਸਟਰੇਲੀਆ ਤੇ ਨਿਊ ਜ਼ੀਲੈਂਡ ਦੀਆਂ ਬਹੁਤ ਦਿਲਕਸ਼ ਥਾਵਾਂ ‘ਤੇ ਕੀਤਾ ਗਿਆ ਹੈ। ਇਸ ਐਲਬਮ ਦੇ ਗੀਤਾਂ ਨੂੰ ਦੋ ਹਿੱਸਿਆਂ ‘ਚ ਰਿਲੀਜ਼ ਕੀਤਾ ਜਾਵੇਗਾ। ਇਸ ਦੇ ਚਾਰ ਗੀਤ ਨਵੰਬਰ, 2022 ‘ਚ ਰਿਲੀਜ਼ ਹੋਣਗੇ, ਜਦਕਿ ਬਾਕੀ ਦੇ 4 ਗੀਤ ਜਨਵਰੀ 2023 ਵਿੱਚ ਰਿਲੀਜ਼ ਕੀਤੇ ਜਾਣਗੇ।”
ਮਾਨ ਨੇ ਅੱਗੇ ਲਿਖਿਆ, “ਮੇਰੀ ਜ਼ਿੰਦਗੀ ਵਿੱਚ ਮੇਰੇ ਪਰਿਵਾਰ ਤੇ ਕਲਾਤਮਕ ਦੁਨੀਆ ਲਈ ਮੇਰੇ ਚਹੇਤਿਆਂ ਦਾ ਪਿਆਰ ਮੇਰੀ ਸਭ ਤੋਂ ਵੱਡੀ ਤਾਕਤ ਰਿਹਾ ਹੈ। ਮੈਨੂੰ ਆਸ ਹੈ ਕਿ ਜਿਵੇਂ ਮੇਰੇ ਪਿਛਲੇ 30 ਸਾਲਾਂ ਦੇ ਸੰਗੀਤਕ ਸਫ਼ਰ ਦੇ ਹਰ ਦਿਨ ਨੂੰ ਤੁਸੀਂ ਆਪਣੀ ਮੁਹੱਬਤ ਦੇ ਰੰਗ ਨਾਲ ਭਰਿਆ ਹੈ। ਉਵੇਂ ਹੀ ਆਉਣ ਵਾਲੇ ਦਿਨਾਂ, ਸਾਲਾਂ, ਮਹੀਨਿਆਂ ਤੇ ਪਲਾਂ ਨੂੰ ਤੁਸੀਂ ਮੇਰਾ ਤੇ ਮੇਰੇ ਕਲਾਤਮਕ ਦੁਨੀਆ ਦਾ ਅਟੁੱਟ ਹਿੱਸਾ ਬਣ ਕੇ ਇਸ ਨੂੰ ਯਾਦਗਾਰ ਬਣਾਉਂਦੇ ਰਹੋਗੇ। ਤੁਹਾਡਾ ਆਪਣਾ- ਹਰਭਜਨ ਮਾਨ।”
ਹਰਭਜਨ ਮਾਨ ਨੇ ਸਾਲ 1992 ‘ਚ ਆਪਣੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੀ ਪਹਿਲੀ ਹੀ ਐਲਬਮ ਨੇ ਉਨ੍ਹਾਂ ਨੂੰ ਸਟਾਰ ਬਣਾ ਦਿੱਤਾ ਸੀ। ਇਸ ਤੋਂ ਬਾਅਦ ਮਾਨ ਨੇ ਇੰਡਸਟਰੀ ਨੂੰ ਲਗਾਤਾਰ ਸੁਪਰਹਿੱਟ ਗੀਤ ਦਿੰਦੇ ਰਹੇ। ਉਨ੍ਹਾਂ ਦੇ ਗਾਣੇ ਅੱਜ ਵੀ ਹਰ ਕੋਈ ਸੁਣਨਾ ਪਸੰਦ ਕਰਦਾ ਹੈ। ਹਰਭਜਨ ਮਾਨ ਨੇ ਕਦੇ ਵੀ ਆਪਣੀ ਗਾਇਕੀ ਨਾਲ ਗੰਨ ਕਲਚਰ ਜਾਂ ਨਸ਼ਿਆਂ ਜਾਂ ਸ਼ਰਾਬ ਨੂੰ ਪ੍ਰਮੋਟ ਨਹੀਂ ਕੀਤਾ। ਉਨ੍ਹਾਂ ਨੇ ਸਾਫ਼ ਸੁਥਰੀ ਵਿਰਸੇ ਨਾਲ ਜੁੜੀ ਗਾਇਕੀ ਕੀਤੀ ਹੈ।
30 ਸਾਲ ਪੂਰੇ ਹੋਣ ‘ਤੇ ਫ਼ੈਨਜ਼ ਨੂੰ ਦਿੱਤਾ ਤੋਹਫਾ
ਕਾਬਿਲੇਗ਼ੌਰ ਹੈ ਕਿ ਹਰਭਜਨ ਮਾਨ ਦੀ ਐਲਬਮ ‘ਮਾਈ ਵੇਅ- ਮੈਂ ਤੇ ਮੇਰੇ ਗੀਤ’ ਦਾ ਪਹਿਲਾ ਗਾਣਾ ‘ਤੇਰਾ ਘੱਗਰਾ ਸੋਹਣੀਏ’ ਅੱਜ ਯਾਨਿ 9 ਨਵੰਬਰ ਨੂੰ ਰਿਲੀਜ਼ ਹੋ ਰਿਹਾ ਹੈ। ਇਹ ਉਹੀ ਸਪੈਸ਼ਲ ਸਰਪ੍ਰਾਈਜ਼ ਹੈ, ਜੋ ਮਾਨ ਨੇ 2 ਦਿਨ ਪਹਿਲਾਂ ਆਪਣੇ ਫ਼ੈਨਜ਼ ਨੂੰ ਦੇਣ ਦੀ ਗੱਲ ਕਹੀ ਸੀ। ਆਪਣੀ ਗਾਇਕੀ ਦੇ 30 ਸਾਲ ਪੂਰੇ ਹੋਣ ਦੀ ਖੁਸ਼ੀ ‘ਚ ਮਾਨ ਇਹ ਐਲਬਮ ਰਿਲੀਜ਼ ਕਰ ਰਹੇ ਹਨ।