Site icon TheUnmute.com

ਜਾਅਲੀ SC ਸਰਟੀਫਿਕੇਟ ਮਾਮਲੇ ‘ਚ ਪੰਜਾਬੀ ਗਾਇਕ ਅੰਮ੍ਰਿਤ ਮਾਨ ਦੇ ਪਿਤਾ ਦੀ ਵਧੀਆਂ ਮੁਸ਼ਕਿਲਾਂ

stubble burning

ਚੰਡੀਗੜ੍ਹ, 09 ਜੂਨ 2023: ਅਨੁਸੂਚਿਤ ਜਾਤੀ ਦੇ ਝੂਠੇ ਸਰਟੀਫਿਕੇਟ (Fake SC certificate)  ਬਣਾ ਕੇ ਪੰਜਾਬ ਦੇ ਸਿੱਖਿਆ ਵਿਭਾਗ ਵਿਚ ਇਕ ਵਿਅਕਤੀ ਵਲੋਂ ਸਰਕਾਰੀ ਨੌਕਰੀ ਹਾਸਲ ਕਰ ਕੇ 34 ਸਾਲ ਤੋਂ ਵੱਧ ਨੌਕਰੀ ਦਾ ਆਨੰਦ ਮਾਨਣ ਦੇ ਦੋਸ਼ ਲੱਗਣ ਦੀ ਇਕ ਖ਼ਬਰ ਦਾ ਸਖ਼ਤ ਨੋਟਿਸ ਲੈਂਦਿਆਂ ਨੈਸ਼ਨਲ ਕਮਿਸ਼ਨ ਫ਼ਾਰ ਸ਼ਡਿਊਲਡ ਕਾਸਟ (ਐਨ.ਸੀ.ਐਸ.ਸੀ.) ਨੇ ਚੇਅਰਮੈਨ ਵਿਜੇ ਸਾਂਪਲਾ ਦੇ ਹੁਕਮਾਂ ’ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ 15 ਦਿਨਾਂ ਵਿਚ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ ।

ਐਨ.ਸੀ.ਐਸ.ਸੀ. ਨੂੰ ਸਰਕਾਰੀ ਨੌਕਰੀ ਹਾਸਲ ਕਰਨ ਲਈ ਜਾਅਲੀ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ (Fake SC certificate) ਬਣਾਉਣ ਵਾਲੇ ਪੰਜਾਬੀ ਗਾਇਕ ਅੰਮ੍ਰਿਤ ਮਾਨ ਦੇ ਪਿਤਾ ਸਰਬਜੀਤ ਸਿੰਘ ਬਾਰੇ ਮੀਡੀਆ ’ਚ ਪ੍ਰਸਾਰਿਤ ਹੋਈ ਖ਼ਬਰਾਂ ਰਾਹੀਂ ਜਾਣਕਾਰੀ ਮਿਲੀ। ਇਸ ਦੌਰਾਨ ਕਮਿਸ਼ਨ ਨੇ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ (ਸਕੂਲ ਸਿੱਖਿਆ ਵਿਭਾਗ) ਅਤੇ ਪ੍ਰਮੁੱਖ ਸਕੱਤਰ (ਸਮਾਜਿਕ, ਨਿਆਂ ਅਤੇ ਸਸ਼ਕਤੀਕਰਨ ਅਤੇ ਘੱਟ ਗਿਣਤੀਆਂ ਵਿਭਾਗ) ਨੂੰ ਮਾਮਲੇ ਦੀ ਜਾਂਚ ਕਰਨ ਅਤੇ ਕੀਤੀ ਗਈ ਕਾਰਵਾਈ ਬਾਰੇ ਤੱਥਾਂ ਦੇ ਆਧਾਰ ’ਤੇ ਰਿਪੋਰਟ 21 ਜੂਨ ਤੱਕ ਈ.ਮੇਲ ਰਾਹੀਂ ਜਾਂ ਡਾਕ ਰਾਹੀਂ ਜਾਂ ਪੱਤਰ ਰਾਹੀਂ ਸੌਂਪਣ ਲਈ ਕਿਹਾ ਹੈ।

ਐਨ.ਸੀ.ਐਸ.ਸੀ. ਦੇ ਚੇਅਰਮੈਨ ਸਾਂਪਲਾ ਨੇ ਅਧਿਕਾਰੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜੇਕਰ ਕਾਰਵਾਈ ਦੀ ਰਿਪੋਰਟ ਨਿਰਧਾਰਤ ਸਮੇਂ ਵਿਚ ਪ੍ਰਾਪਤ ਨਹੀਂ ਹੁੰਦੀ ਹੈ, ਤਾਂ ਕਮਿਸ਼ਨ ਭਾਰਤੀ ਸੰਵਿਧਾਨ ਦੀ ਧਾਰਾ 338 ਤਹਿਤ ਪ੍ਰਾਪਤ ਸਿਵਲ ਅਦਾਲਤ ਦੀਆਂ ਸ਼ਕਤੀਆਂ ਦੀ ਵਰਤੋਂ ਕਰ ਸਕਦਾ ਹੈ ਅਤੇ ਕਮਿਸ਼ਨ ਅੱਗੇ ਨਿੱਜੀ ਤੌਰ ’ਤੇ ਦਿੱਲੀ ਵਿਚ ਹਾਜ਼ਰ ਹੋਣ ਲਈ ਸੰਮਨ ਜਾਰੀ ਕਰ ਸਕਦਾ ਹੈ।

Exit mobile version