Site icon TheUnmute.com

ਪੰਜਾਬੀ ਅਦੀਬ ਮੋਹਨ ਕਾਹਲੋਂ ਪੂਰੇ ਹੋ ਗਏ

Mohan Kahlon

ਅਲਵਿਦਾ ਮੋਹਨ ਕਾਹਲੋਂ

10 ਜਨਵਰੀ 1932 ਨੂੰ ਪਿੰਡ ਛੰਨੀ ਟੇਕਾ, ਜ਼ਿਲ੍ਹਾ ਗੁਰਦਾਸਪੁਰ ਵਿਖੇ ਜਨਮੇ ਪੰਜਾਬੀ ਦੇ ਉੱਘੇ ਨਾਵਲਾਕਾਰ ਮੋਹਨ ਕਾਹਲੋਂ ਨੇ ਆਪਣੀਆਂ ਲਿਖਤਾਂ ਰਾਹੀਂ ਪੰਜਾਬੀ ਨਾਵਲ ਨੂੰ ਅਮੀਰੀ ਬਖ਼ਸ਼ੀ ਹੈ। ਉਨ੍ਹਾਂ ਦੀ ਰਚਨਾਤਮਕ ਯਾਤਰਾ ਦਾ ਆਗ਼ਾਜ਼ ‘ਮਛਲੀ ਇੱਕ ਦਰਿਆ ਦੀ’ ਨਾਮੀ ਨਾਵਲ ਤੋਂ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੇ ‘ਬੇੜੀ ਤੇ ਬਰੇਤਾ’, ‘ਪਰਦੇਸੀ ਰੁੱਖ’, ‘ਗੋਰੀ ਨਦੀ ਦਾ ਗੀਤ’, ‘ਕਾਲੀ ਮਿੱਟੀ’, ਅਤੇ ‘ਵਹਿ ਗਏ ਪਾਣੀ’ ਨਾਮ ਦੇ ਨਾਵਲਾਂ ਦੀ ਰਚਨਾ ਕੀਤੀ।

ਉਹ ਮਨੁੱਖ ਦੀਆਂ ਸਦੀਵੀਂ ਪ੍ਰਵਿਰਤੀਮੂਲਕ ਖਿੱਚਾਂ ਨੂੰ ਨਿਸੰਗ ਰੂਪ ਵਿੱਚ ਪ੍ਰਗਟ ਕਰਨ ਵਾਲੇ ਨਾਵਲਕਾਰ ਸਨ। ਮੋਹਨ ਕਾਹਲੋਂ ਨੇ ਆਪਣੇ ਨਾਵਲਾਂ ਵਿੱਚ ਰਾਵੀ ਕੰਢੇ ਦੇ ਨੀਮ ਪਹਾੜੀ ਇਲਾਕੇ ਦੀ ਉਚਾਰਣੀ ਭਾਸ਼ਾ ਤੋਂ ਇਲਾਵਾ ਚੰਬਿਆਲੀ ਤੇ ਡੋਗਰੀ ਭਾਸ਼ਾ ਦੇ ਮੁਹਾਵਰੇ ਨੂੰ ਪੰਜਾਬੀ ਬਿਰਤਾਂਤ ਵਿੱਚ ਵਰਤਣ ਦੀ ਪਹਿਲ ਕੀਤੀ। ਉਨ੍ਹਾਂ ਦੇ ਨਾਵਲ ‘ਮਛਲੀ ਇੱਕ ਦਰਿਆ ਦੀ’ ਨੂੰ ਸੰਤ ਸਿੰਘ ਸੇਖੋਂ ਵਰਗੇ ਵੱਡੇ ਆਲੋਚਕ ਨੇ ‘ਸੰਸਾਰ ਪੱਦਰ ਦੀ ਰਚਨਾ’ ਕਿਹਾ ਸੀ।

ਬਲਰਾਜ ਸਾਹਨੀ ਮੁਤਾਬਿਕ ਉਹ ਆਪਣੀ ਵਿਸ਼ੇਸ਼ ਨਾਵਲੀ ਭਾਸ਼ਾ ਕਰਕੇ ‘ਬੋਲੀ ਦਾ ਸ਼ੈਹਨਸ਼ਾਹ’ ਸਨ। ਮੋਹਨ ਕਾਹਲੋਂ ਨੂੰ ਸ਼ਿਵ ਕੁਮਾਰ ਬਟਾਲਵੀ ਦੀ ਨੇੜਿਉਂ ਸੰਗਤ ਮਾਣਨ ਦਾ ਸ਼ਰਫ਼ ਹਾਸਿਲ ਸੀ ਅਤੇ ਇਸ ਗੱਲ ‘ਤੇ ਉਹ ਹਮੇਸ਼ਾਂ ਮਾਣ ਕਰਦੇ ਸਨ। ਉਨ੍ਹਾਂ ਦਾ ਨਾਵਲ ‘ਗੋਰੀ ਨਦੀ ਦਾ ਗੀਤ’ ਇਸ ਕਰਕੇ ਵੀ ਪ੍ਰਸਿੱਧ ਹੋਇਆ ਅਤੇ ਪੰਜਾਬੀ ਪਾਠਕਾਂ ਵੱਲੋਂ ਪੜ੍ਹਿਆ ਗਿਆ ਕਿ ਉਸ ਵਿੱਚ ਸ਼ਿਵ ਕੁਮਾਰ ਬਟਾਲਵੀ ਦੀ ਜ਼ਿੰਦਗੀ ਦੇ ਕੁੱਝ ਮਰਹਲਿਆਂ ਦਾ ਗਲਪੀਕਰਨ ਕੀਤਾ ਗਿਆ ਸੀ।

ਉਨ੍ਹਾਂ ਦਾ ਆਖ਼ਰੀ ਨਾਵਲ ‘ਵਹਿ ਗਏ ਪਾਣੀ’ 2003 ਵਿੱਚ ਪ੍ਰਕਾਸ਼ਿਤ ਹੋਇਆ ਜਿਸ ਵਿੱਚ ਉਨ੍ਹਾਂ ਨੇ ਪਹਿਲੇ ਵਿਸ਼ਵ ਯੁੱਧ ਵਿੱਚ ਇਰਾਕ ਦੇ ਮੋਰਚੇ ‘ਤੇ ਗਏ ਇੱਕ ਪੰਜਾਬੀ ਸਿਪਾਹੀ ਦੀ ਕਹਾਣੀ ਰਾਹੀਂ ਜੰਗਾਂ ਦੀ ਖ਼ੁਰਾਕ ਬਣਦੀ ਮਨੁੱਖਤਾ ਦੀ ਦੁਖਾਂਤਕ ਤਸਵੀਰਕਸ਼ੀ ਕੀਤੀ ਸੀ। ਉਹ ਪਿਛਲੇ ਲੰਮੇ ਸਮੇਂ ਤੋਂ ਭਾਰਤੀ ਸਿਵਲ ਸੇਵਾਵਾਂ ਵਿੱਚ ਕਾਰਜਸ਼ੀਲ ਆਪਣੇ ਪੁੱਤਰ ਨਾਲ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਰਹਿ ਰਹੇ ਸਨ।

ਉਨ੍ਹਾਂ ਨੂੰ ਹੋਰਨਾ ਤੋਂ ਇਲਾਵਾ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਸ. ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਗੀਤਾਂ ਵਰਗੀ ਭਾਸ਼ਾ ਵਿੱਚ ਨਾਵਲ ਲਿਖਣ ਅਤੇ ਪੰਜਾਬੀ ਨਾਵਲ ਪਰੰਪਰਾ ਨੂੰ ਅਮੀਰ ਕਰਨ ਵਾਲੇ ਇਸ ਉੱਘੇ ਨਾਵਲਕਾਰ ਦੇ ਦੇਹਾਂਤ ਨਾਲ ਪੰਜਾਬੀ ਸਾਹਿਤ ਜਗਤ ਨੂੰ ਵੱਡਾ ਘਾਟਾ ਪਿਆ ਹੈ।

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਅਧਿਆਪਨ ਤੇ ਖੋਜ ਵਿਭਾਗ ਅਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫ਼ੈਸਰ ਅਰਵਿੰਦ, ਮੋਹਨ ਕਾਹਲੋਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਦੁਖ ਵਿੱਚ ਸ਼ਰੀਕ ਹਨ।

Exit mobile version