ਚੰਡੀਗੜ੍ਹ 25 ਜਨਵਰੀ 2022 : ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਪੰਜਾਬੀ ਸੰਗੀਤ ਜਗਤ ਦੇ ਉੱਘੇ ਗੀਤਕਾਰ ਦੇਵ ਥਰੀਕੇ ਵਾਲਾ (Dev Tharike Wala) ਦਾ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੇਵ ਥਰੀਕੇ ਵਾਲਾ ਨੂੰ ਅੱਜ ਸਵੇਰੇ 5 ਵਜੇ ਦੇ ਕਰੀਬ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਪੰਜਾਬੀ ਲੇਖਕ ਗੁਰਭਜਨ ਗਿੱਲ ਨੇ ਕੀਤੀ ਹੈ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਦੇਵ ਥਰੀਕੇ ਵਾਲਾ ਦਾ ਅੰਤਿਮ ਸੰਸਕਾਰ ਅੱਜ ਦੁਪਿਹਰ 2 ਵਜੇ ਦੇ ਕਰੀਬ ਕੀਤਾ ਜਾਵੇਗਾ।
ਦੱਸ ਦਈਏ ਕਿ ਦੇਵ ਥਰੀਕੇ ਵਾਲਾ (Dev Tharike Wala) ਨੇ ਕਾਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ (Kuldeep manak) ਨੂੰ ਕਾਫ਼ੀ ਗੀਤ ਲਿਖ ਕੇ ਦਿੱਤੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕ ਕਥਾਵਾਂ ਤੇ ਕਲੀਆਂ ਲਿਖੀਆਂ ਸਨ, ਜਿਨ੍ਹਾਂ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੁਲਦੀਪ ਮਾਣਕ ਨੂੰ ਸਿਖਰਾਂ ‘ਤੇ ਪਹੁੰਚਣਾਉਣ ਪਿੱਛੇ ਦੇਵ ਥਰੀਕੇ ਵਾਲਾ ਦਾ ਹੀ ਹੱਥ ਸੀ। ਇਨ੍ਹਾਂ ਨੇ ਕੁਲਦੀਪ ਮਾਣਕ (Kuldeep manak) ਨੂੰ ਕਈ ਅਜਿਹੇ ਗੀਤ ਲਿਖ ਕੇ ਦਿੱਤੇ ਸਨ, ਜਿਨ੍ਹਾਂ ਨੇ ਕੁਲਦੀਪ ਮਾਣਕ (Kuldeep manak) ਨੂੰ ਘਰ-ਘਰ ‘ਚ ਪਛਾਣ ਦਿਵਾਈ। ਦੇਵ ਥਰੀਕੇ ਦੇ ਦਿਹਾਂਤ ਨਾਲ ਜੋ ਘਾਟਾ ਪੰਜਾਬੀ ਸੰਗੀਤ ਜਗਤ ਨੂੰ ਪਿਆ, ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ। ਦੇਵ ਥਰੀਕੇ ਦਾ ਜਨਮ ਮੋਗਾ ਜ਼ਿਲ੍ਹੇ ਦੇ ਪਿੰਡ ਨੱਥੂਵਾਲ ਜਦੀਦ ‘ਚ ਹੋਇਆ ਸੀ।