ਚੰਡੀਗੜ੍ਹ, 05 ਫਰਵਰੀ 2025: Green School Awards 2025: ਵਾਤਾਵਰਣ ਸਿੱਖਿਆ ਅਤੇ ਸਥਿਰਤਾ ਦੇ ਖੇਤਰ ‘ਚ ਇੱਕ ਮਹੱਤਵਪੂਰਨ ਮੀਲ ਪੱਥਰ ਪ੍ਰਾਪਤ ਕਰਦੇ ਹੋਏ ਪੰਜਾਬ ਨੇ ਨਵੀਂ ਦਿੱਲੀ ਦੇ ਇੰਡੀਆ ਹੈਬੀਟੇਟ ਸੈਂਟਰ ਵਿਖੇ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ (ਸੀਐਸਈ) ਦੁਆਰਾ ਕਰਵਾਏ ਗ੍ਰੀਨ ਸਕੂਲ ਐਵਾਰਡਜ਼ 2025 ‘ਚ ਵੱਕਾਰੀ ‘ਬੈਸਟ ਗ੍ਰੀਨ ਸਟੇਟ’ ਅਤੇ ‘ਬੈਸਟ ਗ੍ਰੀਨ ਡਿਸਟ੍ਰਿਕਟ’ ਪੁਰਸਕਾਰ ਪ੍ਰਾਪਤ ਕੀਤੇ ਹਨ।
ਇਹ ਪੁਰਸਕਾਰ ਪ੍ਰਸਿੱਧ ਵਾਤਾਵਰਣ ਵਿਗਿਆਨੀ ਸੋਨਮ ਵਾਂਗਚੁਕ ਅਤੇ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ ਦੀ ਮੁਖੀ ਸੁਨੀਤਾ ਨਰਾਇਣ ਨੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀ.ਐਸ.ਸੀ.ਐਸ.ਟੀ.) ਦੇ ਕਾਰਜਕਾਰੀ ਡਾਇਰੈਕਟਰ ਇੰਜੀਨੀਅਰ ਪ੍ਰਿਤਪਾਲ ਸਿੰਘ ਅਤੇ ਜੁਆਇੰਟ ਡਾਇਰੈਕਟਰ ਡਾ. ਕੁਲਬੀਰ ਸਿੰਘ ਬਾਠ ਨੂੰ ਸੌਂਪੇ ਗਏ ਹਨ।
ਸੀ.ਐਸ.ਈ. ਦੀ ਵਿਲੱਖਣ ਪਹਿਲਕਦਮੀ, ਗ੍ਰੀਨ ਸਕੂਲ ਪ੍ਰੋਗਰਾਮ (ਜੀਐਸਪੀ) ਨੂੰ ਪੀਐਸਸੀਐਸਟੀ ਵੱਲੋਂ ਪੰਜਾਬ ‘ਚ ਲਾਗੂ ਕੀਤਾ ਹੈ। ਇਸਨੂੰ ਭਾਰਤ ਸਰਕਾਰ ਦੁਆਰਾ ਆਪਣੇ ਵਾਤਾਵਰਣ ਸਿੱਖਿਆ ਪ੍ਰੋਗਰਾਮ ਅਧੀਨ ਸਰਗਰਮੀ ਨਾਲ ਲਾਗੂ ਕੀਤਾ ਜਾਂਦਾ ਹੈ। ਇਹ ਪ੍ਰੋਗਰਾਮ ਸਕੂਲਾਂ ਨੂੰ ਹਵਾ, ਊਰਜਾ, ਭੋਜਨ, ਜ਼ਮੀਨ, ਪਾਣੀ ਅਤੇ ਰਹਿੰਦ-ਖੂੰਹਦ ਪ੍ਰਬੰਧਨ ਵਰਗੇ ਛੇ ਮੁੱਖ ਖੇਤਰਾਂ ‘ਚ ਲੋੜੀਂਦੇ ਮਾਪਦੰਡਾਂ ਦੀ ਸਖ਼ਤੀ ਨਾਲ ਆਡਿਟ ਕਰਕੇ ਸਰੋਤ ਪ੍ਰਬੰਧਨ ‘ਚ ਸੁਧਾਰ ਕਰਨ ਲਈ ਪ੍ਰੇਰਿਤ ਕਰਦਾ ਹੈ।
ਇਹ ਪੁਰਸਕਾਰ ਵਿਦਿਆਰਥੀਆਂ ਅਤੇ ਸਕੂਲਾਂ ‘ਚ ਵਾਤਾਵਰਣ ਜਾਗਰੂਕਤਾ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ‘ਚ ਪੰਜਾਬ ਦੀ ਲੀਡਰਸ਼ਿਪ ਭੂਮਿਕਾ ਨੂੰ ਮਾਨਤਾ ਦਿੰਦੇ ਹਨ। ਦੇਸ਼ ਭਰ ‘ਚ ਰਜਿਸਟਰਡ 11,917 ਸਕੂਲਾਂ ‘ਚੋਂ, ਪੰਜਾਬ ਦੇ 7,406 ਸਕੂਲਾਂ ਨੇ ਵਾਤਾਵਰਣ ਆਡਿਟ ਪੂਰਾ ਕੀਤਾ, ਜੋ ਕਿ ਦੇਸ਼ ਭਰ ‘ਚ ਕੀਤੇ ਗਏ ਕੁੱਲ ਆਡਿਟ ਦਾ 84 ਪ੍ਰਤੀਸ਼ਤ ਹੈ।
ਪੰਜਾਬ ਦੇ 196 ਸਕੂਲਾਂ ਨੂੰ ‘ਗ੍ਰੀਨ ਸਕੂਲ’ ਦਾ ਦਰਜਾ ਦਿੱਤਾ ਗਿਆ, ਜਿਸ ‘ਚ 171 ਸਰਕਾਰੀ ਅਤੇ 25 ਪ੍ਰਾਈਵੇਟ ਸਕੂਲ ਸ਼ਾਮਲ ਹਨ। ਇਸ ਤੋਂ ਇਲਾਵਾ, ਹੁਸ਼ਿਆਰਪੁਰ ਜ਼ਿਲ੍ਹੇ ਨੂੰ ‘ਬੈਸਟ ਜ਼ਿਲ੍ਹਾ’ ਦਾ ਪੁਰਸਕਾਰ ਦਿੱਤਾ ਗਿਆ। ਹੁਸ਼ਿਆਰਪੁਰ ਜ਼ਿਲ੍ਹੇ ਨੇ 1,945 ਸਕੂਲਾਂ ਦਾ ਆਡਿਟ ਪੂਰਾ ਕਰਕੇ ਇੱਕ ਰਾਸ਼ਟਰੀ ਰਿਕਾਰਡ ਬਣਾਇਆ, ਜੋ ਕਿ ਪੂਰੇ ਭਾਰਤ ‘ਚ ਕਿਸੇ ਵੀ ਜ਼ਿਲ੍ਹੇ ਦੁਆਰਾ ਪ੍ਰਾਪਤ ਕੀਤਾ ਗਿਆ ਸਭ ਤੋਂ ਵੱਧ ਹੈ।
Read More: ਪੰਜਾਬ ਨੂੰ ਮਿਲੇਗਾ ਗ੍ਰੀਨ ਸਕੂਲ ਪ੍ਰੋਗਰਾਮ ਅਧੀਨ ‘ਬੈਸਟ ਸਟੇਟ’ ਤੇ ‘ਬੈਸਟ ਡਿਸਟ੍ਰਿਕਟ’ ਪੁਰਸਕਾਰ