Site icon TheUnmute.com

Punjab Vision: 2047: ‘ਪੰਜਾਬ ਵਿਜ਼ਨ: 2047’ ਕਨਕਲੇਵ ‘ਚ ਅਗਾਂਹਵਧੂ ਪੰਜਾਬ ਦੀ ਸਿਰਜਣਾ ਲਈ ਜ਼ਰੂਰੀ 10 ਖੇਤਰਾਂ ‘ਤੇ ਪਾਇਆ ਚਾਨਣ

Punjab Vision: 2047

ਚੰਡੀਗੜ੍ਹ, 12 ਨਵੰਬਰ 2024: Punjab Vision: 2047: ਪੰਜਾਬ ਯੂਨੀਵਰਸਿਟੀ ਵਿਖੇ ‘ਪੰਜਾਬ ਵਿਜ਼ਨ: 2047’ ਕਨਕਲੇਵ ਦੇ ਉਦਘਾਟਨੀ ਸਮਾਗਮ ‘ਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਸਹਿਕਾਰੀ ਸੰਘਵਾਦ ਅਤੇ ਢਾਂਚਾਗਤ ਸੁਧਾਰਾਂ ‘ਤੇ ਜ਼ੋਰ ਦੇਣਾ ਚਾਹੀਦਾ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦੇਸ਼ 2047 ਦੇ ਆਪਣੇ ਵਿਕਾਸ ਟੀਚਿਆਂ ਨੂੰ ਉਦੋਂ ਹੀ ਹਾਸਲ ਕਰ ਸਕਦਾ ਹੈ ਜਦੋਂ ਸਾਰੇ ਸੂਬੇ ਵਿਕਾਸ ਲਈ ਇਕੱਠੇ ਹੋ ਕੇ ਕੰਮ ਕਰਨ ਲਈ ਅੱਗ ਆਉਣਗੇ |

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਭਾਰਤ 2047 ‘ਚ ਆਜ਼ਾਦੀ ਦੇ 100 ਸਾਲ ਪੂਰੇ ਹੋਣ ਦਾ ਜਸ਼ਨ ਮਨਾਏਗਾ ਅਤੇ ਭਾਰਤ ਸਰਕਾਰ ਨੂੰ ਅਜਿਹੇ ਹੱਲ ਕੱਢਣੇ ਚਾਹੀਦੇ ਹਨ ਤਾਂ ਜੋ ਕੋਈ ਵੀ ਸੂਬਾ ਇਸ ਯਾਤਰਾ ‘ਚ ਪਿੱਛੇ ਨਾ ਰਹੇ।

ਹਰਪਾਲ ਸਿੰਘ ਚੀਮਾ ਨੇ ਮੌਜੂਦਾ GST ਪ੍ਰਣਾਲੀ ਕਾਰਨ ਸੂਬਿਆਂ ਨੂੰ ਹੋ ਰਹੇ ਮਹੱਤਵਪੂਰਨ ਵਿੱਤੀ ਨੁਕਸਾਨ ‘ਤੇ ਧਿਆਨ ਕੇਂਦਰਿਤ ਕਰਦੇ ਹੋਏ ਜੀਐਸਟੀ, ਖੇਤੀਬਾੜੀ, ਵਾਤਾਵਰਣ ਅਤੇ ਉਦਯੋਗਿਕ ਨੀਤੀਆਂ ਆਦਿ ‘ਚ ਸੁਧਾਰਾਂ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜੀਐਸਟੀ ਪ੍ਰਣਾਲੀ, ਮੰਜ਼ਿਲ ਅਤੇ ਖਪਤਕਾਰ ਆਧਾਰਿਤ ਹੋਣ ਕਾਰਨ ਪੰਜਾਬ ਨੂੰ ਵੱਡਾ ਵਿੱਤੀ ਨੁਕਸਾਨ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਗੁਡਸ ਐਂਡ ਸਰਵਿਸਿਜ਼ ਟੈਕਸ (ਜੀ.ਐੱਸ.ਟੀ.) ਪ੍ਰਣਾਲੀ ਲਾਗੂ ਹੋਣ ਤੋਂ ਬਾਅਦ ਸੂਬੇ ਦਾ ਖਰੀਦ ਟੈਕਸ ਜੀ.ਐੱਸ.ਟੀ. ‘ਚ ਸ਼ਾਮਲ ਹੋ ਗਿਆ ਸੀ, ਜਿਸ ਕਾਰਨ ਪੰਜਾਬ ਨੂੰ ਸਾਲਾਨਾ ਮਾਲੀਏ ‘ਚ ਲਗਭਗ 5,000 ਤੋਂ 7,000 ਕਰੋੜ ਰੁਪਏ ਦਾ ਘਾਟਾ ਪੈ ਰਿਹਾ ਹੈ।

ਵਿੱਤ ਮੰਤਰੀ ਚੀਮਾ ਨੇ ‘ਪੰਜਾਬ ਵਿਜ਼ਨ: 2047’ ਸੰਮੇਲਨ (Punjab Vision: 2047)  ‘ਚ ਹੋਣ ਵਾਲੇ ਵਿਚਾਰ-ਵਟਾਂਦਰੇ ਅਤੇ ਨਿਕਲੇ ਸਿੱਟਿਆਂ ਸਦਕਾ ਸੂਬੇ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਨੀਤੀਆਂ ਦਾ ਖਰੜਾ ਤਿਆਰ ਕਰਨ ‘ਚ ਮੱਦਦ ਮਿਲੇਗੀ। ਉਨ੍ਹਾਂ ਨੇ ਉਦਯੋਗਿਕ ਵਿਕਾਸ ਨੀਤੀ, ਸਾਹਸੀ ਸੈਰ ਸਪਾਟਾ ਨੀਤੀ, ਜਲ ਸੈਰ ਸਪਾਟਾ ਨੀਤੀ, ਬਾਇਓਫਿਊਲ ਨੀਤੀ ਆਦਿ ਸਮੇਤ ਪੰਜਾਬ ਸਰਕਾਰ ਦੇ ਸਰਗਰਮ ਕਦਮਾਂ ਦਾ ਵੀ ਜਿਕਰ ਕੀਤਾ ਜੋ ਇਹਨਾਂ ਖੇਤਰਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਲੋੜੀਂਦੇ ਰੈਗੂਲੇਟਰੀ ਢਾਂਚੇ ਨੂੰ ਲਿਆਉਣ ਲਈ ਲਾਗੂ ਕੀਤੇ ਗਏ ਹਨ।

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਰੀ ਕ੍ਰਾਂਤੀ ਅਤੇ 1962 ‘ਚ ਖੇਤੀਬਾੜੀ ਯੂਨੀਵਰਸਿਟੀ ਦੀ ਸਥਾਪਨਾ ‘ਚ ਸੂਬੇ ਦੀ ਅਹਿਮ ਭੂਮਿਕਾ ਦਾ ਜ਼ਿਕਰ ਕੀਤਾ, ਜਿਸ ਕਾਰਨ ਦੇਸ਼ ਦੇ ਅਨਾਜ ਭੰਡਾਰ ‘ਚ ਚੋਖਾ ਵਾਧਾ ਹੋਇਆ। ਉਨ੍ਹਾਂ ਨੇ 1980 ਤੋਂ ਬਾਅਦ ਦੇ ਚੁਣੌਤੀਪੂਰਨ ਦੌਰ ਵਿੱਚ ਦਰਪੇਸ਼ ਮੁਸ਼ਕਿਲਾਂ ਦਾ ਵੀ ਜ਼ਿਕਰ ਕੀਤਾ ਪਰ ਨਾਲ ਹੀ ਆਮ ਆਦਮੀ ਪਾਰਟੀ ਦੇ ਸ਼ਾਸਨ ‘ਚ ਸੂਬੇ ਦੇ ਮੌਜੂਦਾ ਵਿਕਾਸ ਦੀ ਗੱਲ ਕਰਦਿਆਂ ਉੱਜਵਲ ਭਵਿੱਖ ਦੀ ਆਸ ਵੀ ਪ੍ਰਗਟਾਈ।

ਇਸ ਮੌਕੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਆਪਣੇ ਭਾਸ਼ਣ ‘ਚ 2047 ਵਿੱਚ ਭਾਰਤ ਦੀ ਆਜ਼ਾਦੀ ਦੀ 100ਵੀਂ ਵਰ੍ਹੇਗੰਢ ਮੌਕੇ ਪੰਜਾਬ ਲਈ ਇੱਕ ਦੂਰਅੰਦੇਸ਼ੀ ਰੋਡਮੈਪ ਦੀ ਰੂਪਰੇਖਾ ਉਲੀਕੀ। ਉਨ੍ਹਾਂ ਨੇ ਇੱਕ ਅਜਿਹੇ ਭਵਿੱਖ ਦੀ ਕਲਪਨਾ ਕੀਤੀ ਜਿਸ ‘ਚ ਪੰਜਾਬ ਟਿਕਾਊ ਖੇਤੀ, ਆਰਥਿਕ ਵਿਭਿੰਨਤਾ, ਸਿੱਖਿਆ, ਹਰੀ ਊਰਜਾ, ਬੁਨਿਆਦੀ ਢਾਂਚਾ ਅਤੇ ਸਮਾਜਿਕ ਬਰਾਬਰੀ ਦੇ ਖੇਤਰਾਂ ‘ਚ ਦੇਸ਼ ਦਾ ਮੋਹਰੀ ਸੂਬਾ ਬਣ ਕੇ ਉਭਰੇਗਾ।

ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਦਸ ਮੁੱਖ ਖੇਤਰਾਂ ਨੂੰ ਉਜਾਗਰ ਕੀਤਾ ਜੋ 2047 ‘ਚ ਪੰਜਾਬ ਦੇ ਇਸ ਵਿਜ਼ਨ ਦੀ ਨੀਂਹ ਬਣਾਉਣਗੇ |

ਪਹਿਲਾਂ: ਟਿਕਾਊ ਖੇਤੀਬਾੜੀ ਅਤੇ ਵਾਤਾਵਰਣ ਸਥਿਰਤਾ, ਦੂਜਾ; ਆਰਥਿਕ ਵਿਭਿੰਨਤਾ ਅਤੇ ਉਦਯੋਗਿਕ ਵਿਕਾਸ, ਤੀਜਾ; ਸਿੱਖਿਆ, ਹੁਨਰ ਅਤੇ ਕਰਮਚਾਰੀ ਵਿਕਾਸ, ਚੌਥਾ; ਊਰਜਾ ਅਤੇ ਵਾਤਾਵਰਣ ਸਥਿਰਤਾ, ਪੰਜਵਾਂ; ਬੁਨਿਆਦੀ ਢਾਂਚਾ ਅਤੇ ਸੰਪਰਕ, ਛੇਵਾਂ; ਸ਼ਾਸਨ, ਸਮਾਜਿਕ ਬਰਾਬਰੀ ਅਤੇ ਨਾਗਰਿਕਾਂ ਦੀ ਭਾਗੀਦਾਰੀ, ਸੱਤਵਾਂ; ਸਿਹਤ, ਸੈਨੀਟੇਸ਼ਨ ਅਤੇ ਜਨਤਕ ਸੇਵਾਵਾਂ, ਅੱਠਵਾਂ; ਵਿੱਤੀ ਰਣਨੀਤੀ ਅਤੇ ਆਰਥਿਕ ਸਥਿਰਤਾ, ਨੌਵਾਂ; ਨਵੀਨਤਾ, ਉੱਦਮਤਾ ਅਤੇ ਗਲੋਬਲ ਕਨੈਕਟੀਵਿਟੀ, ਦਸਵਾਂ; ਆਫ਼ਤ ਪ੍ਰਬੰਧਨ ਸਮਰੱਥਾ ਅਤੇ ਜਲਵਾਯੂ ਅਨੁਕੂਲਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਵਿੱਖ ਦੀਆਂ ਚੁਣੌਤੀਆਂ ਅਤੇ ਮੌਕਿਆਂ ਦਾ ਸਾਹਮਣਾ ਕਰਨ ਲਈ ਤਿਆਰ ਮਜ਼ਬੂਤ ​​ਅਤੇ ਅਗਾਂਹਵਧੂ ਪੰਜਾਬ ਦੀ ਉਸਾਰੀ ਲਈ ਇਹ ਦਸ ਖੇਤਰ ਜ਼ਰੂਰੀ ਹਨ।

ਇਸ ਤੋਂ ਪਹਿਲਾਂ ਰਾਜ ਸਭਾ ਮੈਂਬਰ ਅਤੇ ਵਿਸ਼ਵ ਪੰਜਾਬੀ ਸੰਸਥਾ ਦੇ ਅੰਤਰਰਾਸ਼ਟਰੀ ਪ੍ਰਧਾਨ ਡਾ: ਵਿਕਰਮਜੀਤ ਸਿੰਘ ਸਾਹਨੀ ਨੇ ‘ਪੰਜਾਬ ਵਿਜ਼ਨ: 2047’ ਕਨਕਲੇਵ (Punjab Vision: 2047) ਦਾ ਉਦਘਾਟਨ ਕਰਦੇ ਹੋਏ ਸਹਿਯੋਗੀ ਸੰਵਾਦ ਅਤੇ ਡੂੰਘਾਈ ਨਾਲ ਵਿਚਾਰ-ਵਟਾਂਦਰੇ ਲਈ ਇੱਕ ਪਲੇਟਫਾਰਮ ਵਜੋਂ ਇਸਦੀ ਭੂਮਿਕਾ ‘ਤੇ ਜ਼ੋਰ ਦਿੱਤਾ।

ਰਾਜ ਸਭਾ ਮੈਂਬਰ ਸਾਹਨੀ ਨੇ ਕਿਹਾ ਕਿ ਇਸ ਦੋ ਰੋਜ਼ਾ ਕਾਨਫਰੰਸ ਦਾ ਉਦੇਸ਼ ਇੱਕ ਅਜਿਹਾ ਮੰਚ ਤਿਆਰ ਕਰਨਾ ਹੈ ਜਿੱਥੇ ਵੱਖ-ਵੱਖ ਨਜ਼ਰੀਏ ਇਕੱਠੇ ਹੋ ਕੇ ਪੰਜਾਬ ਦੇ ਭਵਿੱਖ ਨੂੰ ਸੰਵਾਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਅਧਿਕਾਰੀਆਂ, ਉਦਯੋਗ ਦੇ ਆਗੂਆਂ, ਸਿੱਖਿਆ ਸ਼ਾਸਤਰੀਆਂ ਅਤੇ ਸਿਵਲ ਸੋਸਾਇਟੀ ਦੇ ਮੈਂਬਰਾਂ ਸਮੇਤ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨੂੰ ਇੱਕ ਪਲੇਟਫਾਰਮ ਪ੍ਰਦਾਨ ਕਰਕੇ, ਇਸ ਸਮਾਗਮ ਦਾ ਉਦੇਸ਼ ਸਾਰਥਕ ਵਿਚਾਰ ਵਟਾਂਦਰੇ ਨੂੰ ਉਤਸ਼ਾਹਿਤ ਕਰਨਾ, ਮੌਕਿਆਂ ਦੀ ਪਛਾਣ ਕਰਨਾ ਅਤੇ ਸਮਾਵੇਸ਼ੀ, ਟਿਕਾਊ ਵਿਕਾਸ ਲਈ ਰਣਨੀਤੀ ਤੈਅ ਕਰਨਾ ਹੈ ਪੰਜਾਬ ਦੀ ਤਰੱਕੀ

ਇਸ ਮੌਕੇ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰੇਣੂ ਵਿਜ ਨੇ ਪੰਜਾਬ ਦੇ ਵਿਕਾਸ ‘ਚ ਵਿਦਿਅਕ ਸੰਸਥਾਵਾਂ ਖਾਸ ਕਰਕੇ ਉੱਚ ਸਿੱਖਿਆ ਸੰਸਥਾਵਾਂ ਦੀ ਅਹਿਮ ਭੂਮਿਕਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੌਜਵਾਨ ਪੰਜਾਬੀਆਂ ਦੇ ਵੱਖ-ਵੱਖ ਕਾਰਨਾਂ ਕਰਕੇ ਦੂਜੇ ਸੂਬਿਆਂ ਜਾਂ ਦੇਸ਼ਾਂ ‘ਚ ਜਾ ਰਹੇ ਗੰਭੀਰ ਮੁੱਦੇ ਨੂੰ ਵੀ ਉਜਾਗਰ ਕੀਤਾ। ਇਸ ਮੌਕੇ ਪ੍ਰੋ. ਵਾਈ. ਪੀ ਵਰਮਾ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।

Exit mobile version