Site icon TheUnmute.com

ਪੰਜਾਬ ਨੂੰ ਸੈਰ-ਸਪਾਟੇ ਦੇ ਨਕਸ਼ੇ ‘ਤੇ ਉਭਾਰੇਗਾ ਪੰਜਾਬ ਟੂਰਿਜ਼ਮ ਸਮਿਟ: ਅਨਮੋਲ ਗਗਨ ਮਾਨ

Punjab Tourism Summit

ਚੰਡੀਗੜ੍ਹ, 16 ਅਗਸਤ 2023: ਸੈਰ-ਸਪਾਟੇ ਦੇ ਖੇਤਰ ਵਿੱਚ ਪੰਜਾਬ ਨੂੰ ਦੁਨੀਆਂ ਦੇ ਨਕਸ਼ੇ ‘ਤੇ ਲਿਆਉਣ ਦੇ ਮਕਸਦ ਨਾਲ ਕਰਵਾਏ ਜਾ ਰਹੇ “ਪੰਜਾਬ ਟੂਰਿਜ਼ਮ ਸਮਿਟ” (Punjab Tourism Summit) ਦੀਆਂ ਤਿਆਰੀਆਂ ਸਬੰਧੀ ਸੂਬੇ ਦੇ ਸੈਰ-ਸਪਾਟਾ ਮੰਤਰੀ ਮੈਡਮ ਅਨਮੋਲ ਗਗਨ ਮਾਨ ਵੱਲੋਂ ਅੱਜ ਉਚ ਪੱਧਰੀ ਮੀਟਿੰਗ ਦੌਰਾਨ ਜਾਇਜ਼ਾ ਲਿਆ ਗਿਆ।

ਇੱਥੇ ਪੰਜਾਬ ਭਵਨ ਵਿਖੇ ਹੋਈ ਅੰਤਰ-ਵਿਭਾਗੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਦੀ ਇਤਿਹਾਸਿਕ, ਸੱਭਿਆਚਾਰਕ ਅਤੇ ਖਾਣ-ਪੀਣ ਦੀ ਵਿਰਾਸਤ ਬਹੁਤ ਅਮੀਰ ਹੈ, ਜਿਸ ਤੋਂ ਦੁਨੀਆਂ ਭਰ ਦੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਪੰਜਾਬ ਟੂਰਿਜ਼ਮ ਸਮਿਟ (Punjab Tourism Summit)  ਕਰਵਾਇਆ ਜਾ ਰਿਹਾ ਹੈ।

ਇਸ ਸਮਿਟ ਦੀ ਤਿਆਰੀਆਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਸੈਰ-ਸਪਾਟੇ ਦੀਆਂ ਅਥਾਹ ਸੰਭਾਵਨਾਵਾਂ ਹਨ ਅਤੇ ਲੋੜ ਸਿਰਫ਼ ਸਾਂਝੇ ਯਤਨਾਂ ਦੀ ਹੈ ਤਾਂ ਜੋ ਪੰਜਾਬ ਨੂੰ ਸੈਰ-ਸਪਾਟੇ ਦੇ ਨਕਸ਼ੇ ‘ਤੇ ਉਭਾਰਿਆ ਜਾ ਸਕੇ।

ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਮਿਟ ਦੌਰਾਨ ਪੰਜਾਬ ਵਿੱਚ ਬਿਹਤਰੀਨ ਝਾਕੀਆਂ ਤਿਆਰ ਕੀਤੀਆਂ ਜਾਣ ਤਾਂ ਜੋ ਇਸ ਸਮਿਟ ਵਿੱਚ ਆਏ ਲੋਕਾਂ ਨੂੰ ਪੰਜਾਬ ਅਤੇ ਸੂਬੇ ਦੇ ਵਿਰਸੇ ਸਬੰਧੀ ਜਾਣੂ ਕਰਵਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਸਮਿਟ ਦੌਰਾਨ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਵੀ ਪੰਜਾਬ ਵਿੱਚ ਮੌਜੂਦ ਨਿਵੇਸ਼ ਸਬੰਧੀ ਸੰਭਾਵਨਾਵਾਂ ਬਾਰੇ ਜਾਣੂ ਕਰਾਉਣ ਲਈ ਵਿਸ਼ੇਸ਼ ਤੌਰ ‘ਤੇ ਤਕਨੀਕੀ ਸੈਸ਼ਨ ਵੀ ਕਰਵਾਏ ਜਾਣਗੇ।

ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਸੈਰ-ਸਪਾਟਾ ਸ੍ਰੀਮਤੀ ਰਾਖੀ ਗੁਪਤਾ ਭੰਡਾਰੀ, ਸਕੱਤਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਸ. ਮਾਲਵਿੰਦਰ ਸਿੰਘ ਜੱਗੀ, ਡਾਇਰੈਕਟਰ ਸੈਰ ਸਪਾਟਾ ਵਿਭਾਗ ਅੰਮ੍ਰਿਤ ਕੌਰ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਸ. ਭੁਪਿੰਦਰ ਸਿੰਘ ਅਤੇ ਕਈ ਹੋਰ ਅਧਿਕਾਰੀ ਹਾਜ਼ਰ ਸਨ।

Exit mobile version