ਚੰਡੀਗੜ੍ਹ, 09 ਜਨਵਰੀ 2025: food Festival: ਪੰਜਾਬ ਦੇ ਸੈਰ-ਸਪਾਟਾ, ਸੱਭਿਆਚਾਰਕ ਮਾਮਲੇ, ਉਦਯੋਗ ਅਤੇ ਵਪਾਰ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਨੋਇਡਾ ‘ਚ ਟ੍ਰੇਡ ਪ੍ਰਮੋਸ਼ਨ ਕੌਂਸਲ ਆਫ਼ ਇੰਡੀਆ (ਟੀਪੀਸੀਆਈ) ਦੁਆਰਾ ਕਰਵਾਏ ਅੰਤਰਰਾਸ਼ਟਰੀ ਫੂਡ ਟ੍ਰੇਡ ਸ਼ੋਅ “ਇੰਡਸਫੂਡ” ਦੌਰਾਨ ਕੰਪਨੀਆਂ ਨੂੰ ਪੰਜਾਬ ਆਉਣ ਅਤੇ ਇੱਥੋਂ ਦੀ ਨਿੱਘੀ ਮਹਿਮਾਨਨਿਵਾਜ਼ੀ ਦਾ ਅਨੁਭਵ ਕਰਨ ਦਾ ਸੱਦਾ ਦਿੱਤਾ |
ਮੰਤਰੀ ਨੇ ਕਿਹਾ ਕਿ ਪੰਜਾਬ ਦੀ ਧਰਤੀ ਉਦਯੋਗ ਅਤੇ ਕਾਰੋਬਾਰ ਲਈ ਸਭ ਤੋਂ ਢੁਕਵੀਂ ਹੈ। ਉਨ੍ਹਾਂ ਕਿਹਾ ਕਿ ਗੁਰੂਆਂ ਅਤੇ ਸੰਤਾਂ ਦੁਆਰਾ ਵਸਾਈ ਇਸ ਧਰਤੀ ਦਾ ਵਾਤਾਵਰਣ ਸ਼ਾਂਤੀ, ਭਾਈਚਾਰਕ ਸਾਂਝ ਅਤੇ ਖੁਸ਼ਹਾਲੀ ਨਾਲ ਭਰਪੂਰ ਹੈ, ਜੋ ਕਿ ਕਾਰੋਬਾਰ ਅਤੇ ਉਦਯੋਗਾਂ ਦੀ ਤਰੱਕੀ ਲਈ ਪੂਰੀ ਤਰ੍ਹਾਂ ਅਨੁਕੂਲ ਹੈ। ਮੰਤਰੀ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੀ ਪੂਰੀ ਟੀਮ ਸੂਬੇ ‘ਚ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਯਤਨ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਫੂਡ ਇੰਡਸਟਰੀ ਨਾਲ ਸਬੰਧਤ 105 ਦੇਸ਼ਾਂ ਦੀਆਂ ਲਗਭਗ 3500 ਪ੍ਰਦਰਸ਼ਨੀ ਕੰਪਨੀਆਂ ਨੇ ਇੰਡਸਫੂਡ ‘ਚ ਹਿੱਸਾ ਲਿਆ। ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਨਾਮਵਰ ਕੰਪਨੀਆਂ ਦੇ ਸੀਈਓਜ਼ ਅਤੇ ਨੁਮਾਇੰਦਿਆਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਇਸ ਗੱਲ ‘ਤੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਉਨ੍ਹਾਂ ਨੂੰ ਇੱਕੋ ਛੱਤ ਹੇਠ ਵਿਸ਼ਵ ਪੱਧਰੀ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਨੂੰ ਪੰਜਾਬ ਦੀਆਂ ਉਦਯੋਗ ਪੱਖੀ ਨੀਤੀਆਂ ਬਾਰੇ ਜਾਣੂ ਕਰਵਾਉਣ ਦਾ ਮੌਕਾ ਮਿਲਿਆ।
ਪੰਜਾਬ ਕੈਬਿਨਟ ਮੰਤਰੀ ਸੌਂਦ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਆਉਣ ਵਾਲੇ ਨਵੰਬਰ ‘ਚ ਪੰਜਾਬ ‘ਚ ਇੱਕ ਅੰਤਰਰਾਸ਼ਟਰੀ ਫੂਡ ਫੈਸਟੀਵਲ (food Festival)ਕਰਵਾਉਣ ਦੀ ਯੋਜਨਾ ਬਣਾ ਰਹੀ ਹੈ | ਜਿੱਥੇ ਭੋਜਨ ਉਦਯੋਗ ਅਤੇ ਹੋਰ ਸਬੰਧਤ ਖੇਤਰਾਂ ਦੀਆਂ ਅੰਤਰਰਾਸ਼ਟਰੀ ਕੰਪਨੀਆਂ ਨੂੰ ਸੱਦਾ ਦਿੱਤਾ ਜਾਵੇਗਾ।
ਤਰੁਣਪ੍ਰੀਤ ਸਿੰਘ ਸੌਂਦ ਨੇ ਪੰਜਾਬ ‘ਚ ਨਿਵੇਸ਼ ਕਰਨ ‘ਚ ਦਿਲਚਸਪੀ ਰੱਖਣ ਵਾਲੀਆਂ ਕੰਪਨੀਆਂ ਨੂੰ ਸਿੰਗਲ ਵਿੰਡੋ ਸਿਸਟਮ ਅਤੇ “ਇਨਵੈਸਟ ਪੰਜਾਬ” ਰਾਹੀਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਟੀਚਾ ਪੰਜਾਬ ਦੇ ਖੁਰਾਕ ਖੇਤਰ ਨੂੰ ਵਿਸ਼ਵ ਪੱਧਰ ‘ਤੇ ਸਥਾਪਿਤ ਕਰਨਾ ਹੈ ਅਤੇ ਇਸ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ “ਵੇਰਕਾ,” “ਸੋਹਣਾ,” “ਫਾਈਵ ਰਿਵਰਜ਼” ‘ਤੇ ਹੋਰ ਬ੍ਰਾਂਡ ਸਥਾਪਤ ਕਰਨ ਦੇ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਪੰਜਾਬ ਦੇ ਉਤਪਾਦਾਂ ਦੀ ਮੰਗ ਦਿਨੋ-ਦਿਨ ਵੱਧ ਰਹੀ ਹੈ।
ਮੰਤਰੀ ਸੌਂਦ ਨੇ ਉਨ੍ਹਾਂ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਵੱਖਰੀਆਂ ਬੈਠਕਾਂ ਵੀ ਕੀਤੀਆਂ ਜਿਨ੍ਹਾਂ ਨੇ ਨਿਵੇਸ਼ ਕਰਨ ਦੀ ਇੱਛਾ ਪ੍ਰਗਟਾਈ ਸੀ। ਉਨ੍ਹਾਂ ਨੇ ਟੀਪੀਸੀਆਈ ਦੇ ਚੇਅਰਮੈਨ ਮੋਹਿਤ ਸਿੰਗਲਾ ਨੂੰ ਇਸ ਅੰਤਰਰਾਸ਼ਟਰੀ ਪੱਧਰ ਦੇ ਫੂਡ ਟ੍ਰੇਡ ਸ਼ੋਅ ਦੇ ਆਯੋਜਨ ਲਈ ਵਧਾਈ ਦਿੱਤੀ ਅਤੇ ਟੀਪੀਸੀਆਈ ਦੇ ਪੰਜਾਬ ਚੈਪਟਰ ਦੀ ਸਥਾਪਨਾ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਸ ਸਮਾਗਮ ‘ਚ ਹਿੱਸਾ ਲੈ ਕੇ ਉਹ ਅੰਤਰਰਾਸ਼ਟਰੀ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰਨ ਦੇ ਯੋਗ ਹੋਏ।
Read More: Amritsar: ਹਰਜਿੰਦਰ ਸਿੰਘ ਧਾਮੀ ਨੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨਾਲ ਕੀਤੀ ਮੁਲਾਕਾਤ, ਜਾਣੋ ਮਾਮਲਾ