ਚੰਡੀਗੜ੍ਹ 12 ਅਪ੍ਰੈਲ 2022: ਮੁੱਖ ਮੰਤਰੀ ਭਗਵੰਤ ਮਾਨ ( Bhagwant Mann) ਅੱਜ ਦਿੱਲੀ ਦੌਰੇ ’ਤੇ ਹਨ। ਇਸ ਦੌਰਾਨ ਸੀ ਐੱਮ ਮਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉਪਰਾਸ਼ਟਰਪਤੀ ਅਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਪੰਜਾਬ ‘ਚ ਜਲਦ ਹੀ ਪੰਜਾਬ ਸਰਕਾਰ ਦੀ ਪਹਿਲੀ ਗਰੰਟੀ 300 ਯੂਨਿਟ ਮੁਫਤ ਬਿਜਲੀ ( 300 units of free electricity) ਦਾ ਐਲਾਨ ਹੋ ਸਕਦਾ ਹੈ। ਜਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਦੇ ਆਲਾ ਅਧਿਕਾਰੀਆਂ ਤੇ ਬਿਜਲੀ ਮੰਤਰੀ ਨਾਲ ਅਰਵਿੰਦ ਕੇਜਰੀਵਾਲ ਨੇ ਦਿੱਲੀ ‘ਚ ਮੁਲਾਕਾਤ ਕੀਤੀ ਸੀ।
ਸੀ ਐੱਮ ਭਗਵੰਤ ਮਾਨ ਅੱਜ ਸ਼ਾਮ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਮਿਲਣਗੇ। ਇਸ ਦੌਰਾਨ ਅਜਿਹੀ ਸੰਭਾਵਨਾ ਹੈ ਕਿ ਭਗਵੰਤ ਮਾਨ ਸਰਕਾਰ 300 ਯੂਨਿਟ ਬਿਜਲੀ ਮੁਫਤ ਕਰਨ ਦਾ ਐਲਾਨ ਕਰ ਸਕਦੀ ਹੈ। ਕਿਉਂਕਿ ਬਜਟ ਜੂਨ ਮਹੀਨੇ ‘ਚ ਆਉਣਾ ਹੈ ਅਤੇ ਭਲਕੇ 13 ਅਪ੍ਰੈਲ ਨੂੰ ਕੈਬਨਿਟ ਦੀ ਮੀਟਿੰਗ ਸੱਦੀ ਗਈ ਹੈ, ਇਸ ਲਈ ਇਹ ਮੀਟਿੰਗ ਹੋਰ ਵੀ ਅਹਿਮ ਹੋ ਸਕਦੀ ਹੈ।