ਚੰਡੀਗੜ੍ਹ, 24 ਅਕਤੂਬਰ 2024: ਪੰਜਾਬ ਦੀਆਂ ਚਾਰ ਵਿਧਾਨ ਸੀਟਾਂ ‘ਤੇ 13 ਨਵੰਬਰ ਨੂੰ ਚੋਣਾਂ ਹੋਣ ਜਾ ਰਹੀਆਂ ਹਨ | ਇਸ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੀਆਂ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਹਨ | ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (Shiromani Akali Dal) 4 ਵਿਧਾਨ ਸਭਾ ਸੀਟਾਂ ‘ਤੇ ਹੋਣ ਵਾਲੀਆਂ ਵਿਧਾਨ ਸਭਾ ਜ਼ਿਮਨੀ ਚੋਣਾਂ ਨਹੀਂ ਲੜੇਗਾ |
ਇਸ ਸੰਬੰਧੀ ਫੈਸਲਾ ਅੱਜ ਅਕਾਲੀ ਦਲ ਪਾਰਟੀ ਦੀ ਵਰਕਿੰਗ ਕਮੇਟੀ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਚੰਡੀਗੜ੍ਹ ਵਿਖੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਹੋਈ ਬੈਠਕ ‘ਚ ਲਿਆ ਗਿਆ ਹੈ। ਕਰੀਬ ਦੋ ਘੰਟੇ ਚੱਲੀ ਬੈਠਕ ‘ਚ ਇਸ ਮੁੱਦੇ ’ਤੇ ਚਰਚਾ ਹੋਈ ਹੈ ।
ਇਸਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦਾ ਇੱਕ ਵਫ਼ਦ 22 ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲਿਆ ਸੀ। ਵਫ਼ਦ ਨੇ ਸੁਖਬੀਰ ਸਿੰਘ ਬਾਦਲ ਦੀ ਸਜ਼ਾ ਬਾਰੇ ਛੇਤੀਂ ਫੈਸਲਾ ਲੈਣ ਬੇਨਤੀ ਕੀਤੀ । ਕਿਉਂਕਿ ਹੁਣ ਵਿਧਾਨ ਸਭਾ ਦੀਆਂ ਚਾਰ ਸੀਟਾਂ ‘ਤੇ ਉਪ ਚੋਣਾਂ ਹੋਣੀਆਂ ਹਨ।
ਹਾਲਾਂਕਿ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ (Giani Raghbir Singh) ਨੇ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ‘ਚ ਜ਼ਿਮਨੀ ਚੋਣਾਂ ਦੌਰਾਨ ਸਿਆਸੀ ਸਰਗਰਮੀਆਂ ‘ਚ ਵਿਚਰਣ ਲਈ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ। ਜਥੇਦਾਰ ਨੇ ਕਿਹਾ ਕਿ ਤਨਖ਼ਾਹੀਏ ਦੀ ਇਕ ਪਰਿਭਾਸ਼ਾ ਹੁੰਦੀ ਹੈ, ਜਿਨ੍ਹੀ ਦੇਰ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਪੰਜ ਸਿੰਘ ਸਾਹਿਬਾਨ ਅੱਗੇ ਪੇਸ਼ ਹੋ ਕੇ ਫਸੀਲ ਤੋਂ ਲੱਗੀ ਤਨਖ਼ਾਹ ਪੂਰੀ ਨਹੀਂ ਕਰ ਲੈਂਦਾ, ਉਸ ਵਕਤ ਤੱਕ ਉਹ ਤਨਖ਼ਾਹੀਆ ਹੀ ਰਹਿੰਦਾ ਹੈ।
ਉਨ੍ਹਾਂ (Giani Raghbir Singh) ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹ ਲੱਗਾ ਕੇ ਪੂਰੀ ਕਰਨੀ ਜਰੂਰੀ ਹੈ। ਫਿਲਹਾਲ ਫੈਸਲਾ ਰਾਖਵਾਂ ਰੱਖਿਆ ਗਿਆ ਕੁਝ ਸਮੇਂ ਬਾਅਦ ਬੈਠਕ ਹੋਵੇਗੀ, ਪੰਜ ਸਿੰਘ ਸਾਹਿਬਾਨ ਬੈਠਕ ‘ਚ ਵਿਚਾਰ ਕਰਕੇ ਅਗਲਾ ਫੈਸਲਾ ਲੈਣਗੇ ਅਤੇ ਇਹ ਬੈਠਕ ਬੰਦੀ ਛੋੜ ਦਿਵਸ ਦਿਵਾਲੀ ਤੋਂ ਬਾਅਦ ਹੋਵੇਗੀ। ਜੇਕਰ ਸਿੱਖ ਤਨਖ਼ਾਹੀਆ ਹੈ ਤਾਂ ਉਸ ਦੇ ਮੁਤਾਬਕ ਹੀ ਚੱਲਣਾ ਚਾਹੀਦਾ ਹੈ |
ਜਿਕਰਯੋਗ ਹੈ ਕਿ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ, ਜਿਨ੍ਹਾਂ ‘ਚ ਬਰਨਾਲਾ, ਡੇਰਾ ਬਾਬਾ ਨਾਨਕ, ਗਿੱਦੜਬਾਹਾ, ਬਰਨਾਲਾ ਅਤੇ ਚੱਬੇਵਾਲ ਸ਼ਾਮਲ ਹੈ | ਡੇਰਾ ਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਜਿੱਤ ਚੁੱਕੇ ਹਨ, ਗਿੱਦੜਬਾਹਾ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਤੋਂ, ਚੱਬੇਵਾਲ ਦੇ ਰਾਜ ਕੁਮਾਰ ਚੱਬੇਵਾਲ ਹੁਸ਼ਿਆਰਪੁਰ ਤੋਂ ਅਤੇ ਬਰਨਾਲਾ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਸੰਗਰੂਰ ਤੋਂ ਲੋਕ ਸਭਾ ਚੋਣ ਜਿੱਤ ਚੁੱਕੇ ਹਨ। ਜਿਸ ਕਰਕੇ ਇਹ ਵਿਧਾਨ ਸਭਾ ਸੀਟਾਂ ਖਾਲੀ ਹਨ | ਇਨ੍ਹਾਂ ਸੀਟਾਂ ‘ਤੇ 13 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ 23 ਨਵੰਬਰ ਨੂੰ ਨਤੀਜੇ ਐਲਾਨੇ ਜਾਣਗੇ |