Site icon TheUnmute.com

ਪੰਜਾਬ ਸਰਕਾਰ ਵੱਲੋਂ ਫਗਵਾੜਾ ਵਿਖੇ ਸਫ਼ਲਤਾਪੂਰਵਕ ਚਲਾਇਆ ਜਾ ਰਿਹੈ ਸੈਂਟਰ ਆਫ ਐਕਸੀਲੈਂਸ, ਵਿਸ਼ਵ ਬੈਂਕ ਦੇ ਪ੍ਰਧਾਨ ਵੱਲੋਂ ਸੈਂਟਰ ਦੇ ਕੰਮਕਾਜ ਦੀ ਸਮੀਖਿਆ

CENTRE OF EXCELLENCE

ਚੰਡੀਗੜ੍ਹ, 19 ਜੁਲਾਈ 2023: ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਵੱਲੋਂ ਫਗਵਾੜਾ ਵਿਖੇ ‘ਸੈਂਟਰ ਆਫ਼ ਐਕਸੀਲੈਂਸ’ (CENTRE OF EXCELLENCE) ਦਾ ਉਦਘਾਟਨ ਕੀਤੇ ਜਾਣ ਦੇ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਅੰਦਰ 140 ਦੇ ਕਰੀਬ ਉਮੀਦਵਾਰ, ਜਿਨ੍ਹਾਂ ਵਿੱਚ 32 ਲੜਕੀਆਂ ਵੀ ਸ਼ਾਮਲ ਹਨ, ਇਸ ਕੇਂਦਰ ਵਿੱਚ ਵੱਖ-ਵੱਖ ਨੌਕਰੀਆਂ (ਜੌਬ ਰੋਲਜ਼) ਸਬੰਧੀ ਸਿਖਲਾਈ ਪ੍ਰਾਪਤ ਕਰ ਰਹੇ ਹਨ।

ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬੰਗਾ ਨੇ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐਮ.ਐਸ.ਡੀ.ਈ) ਦੇ ਅਧਿਕਾਰੀਆਂ ਨਾਲ ਅੱਜ ਇੱਥੇ ਇਸ ਸੈਂਟਰ ਦੇ ਕੰਮਕਾਜ ਸਬੰਧੀ ਸਮੀਖਿਆ ਕੀਤੀ। ਦੱਸਣਯੋਗ ਹੈ ਕਿ ਵਿਸ਼ਵ ਬੈਂਕ ਦੇ ਪ੍ਰਧਾਨ ਅੱਗੇ ਸੈਂਟਰ ਆਫ ਐਕਸੀਲੈਂਸ ਦੀ ਕਾਰਗੁਜ਼ਾਰੀ ਨੂੰ ਦਰਸਾਉਣ ਲਈ ਚੁਣੇ ਗਏ ਚਾਰ ਸੂਬਿਆਂ ਵਿੱਚ ਪੰਜਾਬ ਦਾ ਨਾਮ ਵੀ ਸ਼ਾਮਲ ਸੀ। ਚੁਣੇ ਗਏ ਬਾਕੀ ਤਿੰਨ ਸੂਬਿਆਂ ਵਿੱਚ ਕਰਨਾਟਕ, ਉੜੀਸਾ ਅਤੇ ਮਹਾਰਾਸ਼ਟਰ ਸ਼ਾਮਲ ਹਨ।

ਸੈਂਟਰ ਆਫ਼ ਐਕਸੀਲੈਂਸ (CENTRE OF EXCELLENCE) ਪੰਜਾਬ ਦੇ ਨੌਜਵਾਨਾਂ ਨੂੰ ਹੁਨਰ ਸਿਖਲਾਈ ਪ੍ਰਦਾਨ ਕਰਨ ਲਈ ਵਿਸ਼ਵ ਬੈਂਕ ਦੁਆਰਾ ਫੰਡਿਡ ‘ਸੰਕਲਪ’ ਸਕੀਮ ਤਹਿਤ ਸਥਾਪਿਤ ਕੀਤਾ ਗਿਆ ਸੀ। ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐਸ.ਡੀ.ਐਮ.) ਨੇ 9 ਫਰਵਰੀ, 2023 ਨੂੰ ਫਗਵਾੜਾ ਵਿਖੇ ਸੈਂਟਰ ਆਫ਼ ਐਕਸੀਲੈਂਸ ਦੀ ਸਥਾਪਨਾ ਲਈ ਐਸੋਸੀਏਟਿਡ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ ਆਫ਼ ਇੰਡੀਆ (ਐਸੋਚੈਮ) ਨਾਲ ਇੱਕ ਸਮਝੌਤਾ ਕੀਤਾ ਸੀ ਅਤੇ ਇਸ ਕੇਂਦਰ ਦਾ ਉਦਘਾਟਨ 26 ਮਈ ਨੂੰ ਕੀਤਾ ਗਿਆ ਸੀ।

ਮੀਟਿੰਗ ਦੌਰਾਨ ਅਜੈ ਬੰਗਾ ਨੇ ਸੈਂਟਰ ਆਫ਼ ਐਕਸੀਲੈਂਸ ਵਿਖੇ ਸਿਖਲਾਈ ਲੈ ਰਹੀਆਂ ਮਹਿਲਾ ਉਮੀਦਵਾਰਾਂ ਨਾਲ ਵੀ ਗੱਲਬਾਤ ਕੀਤੀ। ਇਸ ਸੈਂਟਰ ਦੀ ਸਥਾਪਨਾ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਦੇ ਨੌਜਵਾਨਾਂ ਨੂੰ ਹੁਨਰਮੰਦ ਅਤੇ ਰੋਜ਼ਗਾਰ ਯੋਗ ਬਣਾਉਣ ਦੇ ਉਦੇਸ਼ ਨਾਲ ਕੀਤੀ ਗਈ ਸੀ।

ਜ਼ਿਕਰਯੋਗ ਹੈ ਕਿ ਸੀ.ਓ.ਈ. ਸਫਲਤਾਪੂਰਵਕ ਕਾਰਜਸ਼ੀਲ ਹੈ, ਜਿਸ ਵਿੱਚ 32 ਲੜਕੀਆਂ ਸਮੇਤ ਕੁੱਲ 140 ਉਮੀਦਵਾਰ ਹਨ। ਇਹ ਉਮੀਦਵਾਰ ਆਟੋਮੋਟਿਵ ਮਸ਼ੀਨ ਆਪਰੇਟਰ, ਫਿਟਰ ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕ ਅਸੈਂਬਲੀ ਸਮੇਤ ਹੋਰਨਾਂ ਨੌਕਰੀਆਂ ਲਈ ਸਿਖਲਾਈ ਲੈ ਰਹੇ ਹਨ। ਸੈਂਟਰ ਆਫ਼ ਐਕਸੀਲੈਂਸ ਵਿੱਚ ਕੁੱਲ 2000 ਉਮੀਦਵਾਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ।
ਸੈਂਟਰ ਆਫ਼ ਐਕਸੀਲੈਂਸ ਮਹਿਲਾ ਸਸ਼ਕਤੀਕਰਨ ‘ਤੇ ਕੇਂਦ੍ਰਿਤ ਹੈ ਅਤੇ ਇਸਦਾ ਉਦੇਸ਼ ਗੈਰ-ਰਵਾਇਤੀ ਖੇਤਰਾਂ ਵਿੱਚ ਮਹਿਲਾ ਉਮੀਦਵਾਰਾਂ ਨੂੰ ਹੁਨਰ ਸਿਖਲਾਈ ਪ੍ਰਦਾਨ ਕਰਨਾ ਹੈ।

Exit mobile version