Site icon TheUnmute.com

Punjab: ਚੌਲਾਂ ਦੀ ਵੰਡ ’ਚ 1.55 ਕਰੋੜ ਰੁਪਏ ਦਾ ਘਪਲਾ, ਵਿਜੀਲੈਂਸ ਬਿਊਰੋ ਵੱਲੋਂ 1138 ਬੋਰੀਆਂ ਨਾਲ ਲੱਦੇ ਦੋ ਟਰੱਕ ਜ਼ਬਤ

Vigilance Bureau

ਚੰਡੀਗੜ੍ਹ, 21 ਜੂਨ 2024: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਇੱਕ ਵੱਡੇ ਚੌਲਾਂ ਦੇ ਘਪਲੇ ਦਾ ਪਰਦਾਫਾਸ਼ ਕੀਤਾ ਹੈ | ਵਿਜੀਲੈਂਸ ਮੁਤਾਬਕ ਇਹ ਘਪਲਾ 1.55 ਕਰੋੜ ਰੁਪਏ ਦਾ ਹੈ | ਇਸਦੇ ਨਾਲ ਹੀ ਇੱਕ ਗੋਦਾਮ ’ਚ ਛਾਪੇਮਾਰੀ ਕਰਕੇ ਚੌਲਾਂ ਦੀਆਂ 1138 ਬੋਰੀਆਂ ਨਾਲ ਲੱਦੇ 2 ਟਰੱਕਾਂ ਨੂੰ ਜ਼ਬਤ ਕੀਤਾ ਗਿਆ ਹੈ | ਵਿਜੀਲੈਂਸ ਨੇ ਸ਼ਿਵ ਸ਼ਕਤੀ ਰਾਈਸ ਮਿੱਲ, ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਦੇ ਮਾਲਕ ਗੋਪਾਲ ਗੋਇਲ ਸਮੇਤ ਦੋ ਟਰੱਕ ਡਰਾਈਵਰਾਂ ਨੂੰ ਗ੍ਰਿਫਤਾਰ ਕੀਤਾ ਹੈ | ਇਨ੍ਹਾਂ ਦੀ ਪਛਾਣ ਜਗਪਾਲ ਸਿੰਘ ਅਤੇ ਸੁਖਵਿੰਦਰ ਸਿੰਘ ਵਜੋਂ ਹੋਈ ਹੈ |

ਵਿਜੀਲੈਂਸ ਬਿਊਰੋ ਨੇ ਦੱਸਿਆ ਕਿ ਇਸ ਮਾਮਲੇ ‘ਚ ਜੈ ਜੈਨੇਂਦਰ ਫਰਮ ਦੇ ਠੇਕੇਦਾਰ ਹਰੀਸ਼ ਦਲਾਲ, ਸ਼ਿਵ ਸ਼ਕਤੀ ਰਾਈਸ ਮਿੱਲ ਗੜ੍ਹਸ਼ੰਕਰ ਹੁਸ਼ਿਆਰਪੁਰ ਦੇ ਮਾਲਕ ਗੋਪਾਲ ਗੋਇਲ, ਅੰਜਨੀ ਰਾਈਸ ਮਿੱਲ ਕੁੱਤੀਵਾਲ ਕਲਾਂ, ਮੌੜ ਮੰਡੀ, ਬਠਿੰਡਾ ਦੇ ਮਾਲਕ, ਦੋ ਟਰੱਕ ਡਰਾਈਵਰਾਂ ਖ਼ਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਰੇਂਜ ਵਿੱਚ ਕੇਸ ਦਰਜ ਕੀਤਾ ਗਿਆ ਹੈ।

ਵਿਜੀਲੈਂਸ (Vigilance Bureau) ਨੇ ਦੱਸਿਆ ਕਿ ਭਾਰਤ ਸਰਕਾਰ ਦੁਆਰਾ ਚਲਾਈ ਜਾ ਰਹੀ ‘ਭਾਰਤ ਬ੍ਰਾਂਡ’ ਸਕੀਮ ਤਹਿਤ ਬਠਿੰਡਾ, ਭੁੱਚੋ, ਮੌੜ, ਰਾਮਪੁਰਾ ਫੂਲ ਅਤੇ ਬੁਢਲਾਡਾ ‘ਚ ਗਰੀਬ ਪਰਿਵਾਰਾਂ ਨੂੰ ਲਗਭਗ 70,000 ਮੀਟ੍ਰਿਕ ਟਨ ਚੌਲ ਵੰਡੇ ਜਾ ਰਹੇ ਸਨ, ਜਿੰਨ੍ਹਾਂ ਦੀ ਕੀਮਤ ਲਗਭਗ 130 ਕਰੋੜ ਰੁਪਏ ਬਣਦੀ ਹੈ। ਇਨ੍ਹਾਂ ਵਿੱਚੋਂ 1000 ਮੀਟ੍ਰਿਕ ਟਨ ਚੌਲ 5 ਕਿਲੋ ਅਤੇ 10 ਕਿਲੋ ਦੀ ਥੈਲਿਆਂ ਵਿੱਚ 18.50 ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੰਡੇ ਜਾਣੇ ਸੀ। ਬਠਿੰਡਾ ਜ਼ਿਲ੍ਹੇ ਵਿੱਚ 29 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਇਹ ਚੌਲ ਲਾਭਪਾਤਰੀਆਂ ਨੂੰ ਸਪਲਾਈ ਕਰਨ ਦਾ ਟੈਂਡਰ ਜੈ ਜੈਨੇਂਦਰ ਫਰਮ ਨੂੰ ਦਿੱਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਵਿਜੀਲੈਂਸ ਬਿਊਰੋ ਨੂੰ ਸੂਤਰਾਂ ਤੋਂ ਸੂਚਨਾ ਮਿਲੀ ਕਿ 3.40 ਕਰੋੜ ਰੁਪਏ ਦੇ ਚੌਲਾਂ ਵਿੱਚ ਘਪਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਜੀਲੈਂਸ ਬਿਊਰੋ ਦੀ ਟੀਮ ਨੂੰ ਸੂਚਨਾ ਮਿਲਣ ’ਤੇ ਕਾਰਵਾਈ ਕਰਕੇ ਚੌਲਾਂ ਨਾਲ ਲੱਦੇ 2 ਟਰੱਕ ਜ਼ਬਤ ਕਰ ਲਏ, ਇਹ ਟਰੱਕ ਫਤਿਆਬਾਦ ਦੇ ਕਸਬਾ ਹਮਜਾਪੁਰ ਭੇਜੇ ਜਾਣੇ ਸਨ | ਜਾਂਚ ਦੌਰਾਨ ਸਾਹਮਣੇ ਆਇਆ ਕਿ ਗਰੀਬ ਲੋਕਾਂ ਲਈ ਰੱਖੇ ਸਰਕਾਰੀ ਸਟਾਕ ਨੂੰ 34 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਮਹਿੰਗੇ ਭਾਅ ਵੇਚ ਕੇ ਘਪਲਾ ਕਰਨ ਦੀ ਤਿਆਰੀ ਸੀ |

ਉਨ੍ਹਾਂ ਕਿਹਾ ਕਿ ਜੈ ਜਨੇਂਦਰ ਫਰਮ ਦੇ ਮਾਲਕਾਂ ਨੇ ਹਰੀਸ਼ ਕੁਮਾਰ ਨਾਮਕ ਦਲਾਲ ਅਤੇ ਭਾਰਤੀ ਖੁਰਾਕ ਨਿਗਮ ਦੇ ਅਣਪਛਾਤੇ ਅਧਿਕਾਰੀਆਂ ਰਾਹੀਂ, ਇਸ ਗੋਦਾਮ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਸੋਮਾ ਵੇਅਰਹਾਊਸ ਮੌੜ ਮੰਡੀ ਤੋਂ ਚੌਲ ਲੈ ਕੇ ਕਰਕੇ ਰਿਸ਼ਵਤ ਦੇਣ ਤੋਂ ਬਾਅਦ ਇੰਨਾਂ ਚੌਲਾਂ ਦੀਆਂ ਬੋਰੀਆਂ ਨੂੰ ਅੰਜਨੀ ਰਾਈਸ ਮਿੱਲ, ਕੁੱਤੀਵਾਲ ਕਲਾਂ ਵਿਖੇ ਭੇਜ ਦਿੱਤਾ ਗਿਆ |

ਇਸ ਤੋਂ ਬਾਅਦ ਚੋਲਾਂ ਨਾਲ ਭਰੇ ਇਨ੍ਹਾਂ ਟਰੱਕਾਂ ਨੂੰ ਸ਼ਿਵ ਸ਼ਕਤੀ ਰਾਈਸ ਮਿੱਲ, ਗੜ੍ਹਸ਼ੰਕਰ ਲਿਆਂਦਾ ਜਾਣਾ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਕਤ ਸਾਰੇ ਮੁਲਜ਼ਮਾਂ ਅਤੇ ਫਰਮਾਂ ਦੇ ਮਾਲਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਵਿਜੀਲੈਂਸ ਬਿਊਰੋ ਵੱਲੋਂ ਅਗਲੇਰੀ ਕਾਰਵਾਈ ਆਰੰਭੀ ਗਈ ਹੈ।

Exit mobile version