July 7, 2024 11:53 am
ਪੰਜਾਬ ਰੋਡਵੇਜ਼

ਪੰਜਾਬ ਰੋਡਵੇਜ਼ ਅਤੇ PRTC ਦੇ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖਿਲਾਫ਼ ਹੜਤਾਲ ਦਾ ਐਲਾਨ

ਚੰਡੀਗੜ੍ਹ 03 ਮਈ 2022: ਪੰਜਾਬ ਰੋਡਵੇਜ਼ ਪਨਬਸ (Punjab Roadways) /ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ‘ਚ ਪਨਬਸ ਤੇ ਪੀਆਰਟੀਸੀ ਦੇ ਮੁਲਾਜ਼ਮਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਪੂਰਾ ਕਰਵਾਉਣ ਲਈ ਸਰਕਾਰ ਤੱਕ ਮੁਲਾਜ਼ਮਾਂ ਦੀ ਆਵਾਜ਼ ਪਹੁੰਚਾਉਣ ਲਈ ਸੂਬਾ ਕਮੇਟੀ ਵੱਲੋਂ ਉਲੀਕੇ ਸੰਘਰਸ਼ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਕਿ ਪਨਬਸ ਤੇ ਪੀਆਰਟੀਸੀ ਮੁਲਾਜ਼ਮ ਆਪਣੀਆਂ ਮੰਗਾਂ ਲਈ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਨਵੀਂ ਬਣੀ ਸਰਕਾਰਾਂ ਦੇ ਟਰਾਂਸਪੋਰਟ ਮੰਤਰੀ ਨਾਲ ਦੋ ਮੀਟਿੰਗਾਂ ਕਰ ਚੁੱਕੇ ਹਨ ਪਰ ਮੰਤਰੀ ਵੱਲੋ ਪਨਬੱਸ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾ ਨੂੰ ਅੱਖੋਂਪਰੋਖੇ ਕੀਤਾ ਜਾ ਰਿਹਾ। ਇਸ ਲਈ ਜਥੇਬੰਦੀ ਨੂੰ ਮਜਬੂਰ ਹੋ ਕੇ ਸਰਕਾਰ ਨੂੰ ਪਨਬਸ ਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੀ ਅਹਿਮੀਅਤ ਤੇ ਟਰਾਂਸਪੋਰਟ ਅਦਾਰੇ ‘ਚ ਇਨ੍ਹਾਂ ਮੁਲਾਜ਼ਮਾਂ ਦੀਆਂ ਸੇਵਾਵਾਂ ਤੋਂ ਜਾਣੂ ਕਰਵਾਉਣ ਸਬੰਧੀ ਆਪਣੀਆਂ ਮੰਗਾਂ ਨੂੰ ਪੂਰਾ ਕਰਵਾਉਣ ਸਬੰਧੀ ਮਿਤੀ 10 ਮਈ ਨੂੰ ਸਮੂਹ ਪੰਜਾਬ ਦੇ ਡਿਪੂਆਂ ‘ਤੇ ਗੇਟ ਰੈਲੀਆਂ ਕੀਤੀਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ 17 ਮਈ ਨੂੰ ਸਟੇਟ ਲੇਬਲ ਤੇ ਪ੍ਰੈਸ ਕਾਨਫਰੰਸ ਕਰਾਂਗੇ ਅਤੇ ਮਿਤੀ 24 ਮਈ ਨੂੰ ਸਾਰੇ ਪੰਜਾਬ ਦੇ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੇ ਬੱਸ ਸਟੈਡ ਦੋ ਘੰਟੇ ਲਈ ਬੰਦ ਕਰ ਕੇ ਮਿਤੀ 28, 29 ਮਈ ਨੂੰ ਸਾਰੇ ਵਿਧਾਇਕਾਂ ਤੇ ਮੰਤਰੀਆਂ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਇਸ ਤੋਂ ਬਾਅਦ 6 ਜੂਨ ਨੂੰ ਗੇਟ ਰੈਲੀਆਂ ਕਰ ਕੇ ਮਿਤੀ 8, 9,10 ਜੂਨ ਨੂੰ ਹੜਤਾਲ ਕਰਕੇ ਪਨਬਸ ਤੇ ਪੀਆਰਟੀਸੀ ਦਾ ਮੁਕੰਮਲ ਚੱਕਾ ਜਾਮ ਕੀਤਾ ਜਾਵੇਗਾ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਜਾਂ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਮੀਤ ਪ੍ਰਧਾਨ ਸਤਵਿੰਦਰ ਸਿੰਘ , ਪ੍ਰਦੀਪ ਕੁਮਾਰ, ਜਤਿੰਦਰ ਸਿੰਘ, ਦਲਜੀਤ ਸਿੰਘ, ਜਸਵੀਰ ਸਿੰਘ, ਸਹਿਜਪਾਲ ਸਿੰਘ, ਗੁਰਜੀਤ ਸਿੰਘ, ਹਰਜਿੰਦਰ ਸਿੰਘ ਹੈਰੀ ਆਦਿ ਆਗੂ ਹਾਜ਼ਰ ਹੋਏ।