Water Supply Schemes

ਹੜ੍ਹ ਕਾਰਨ ਪ੍ਰਭਾਵਿਤ ਹੋਈਆਂ ਜਲ ਸਪਲਾਈ ਦੀਆਂ 83 ਫੀਸਦੀ ਸਕੀਮਾਂ ਮੁੜ ਕਾਰਜਸ਼ੀਲ: ਬ੍ਰਮ ਸ਼ੰਕਰ ਜਿੰਪਾ

ਚੰਡੀਗੜ੍ਹ, 19 ਜੁਲਾਈ 2023: ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਜਾਣਕਾਰੀ ਦਿੱਤੀ ਹੈ ਕਿ ਹੜ੍ਹਾਂ ਕਾਰਣ ਪ੍ਰਭਾਵਿਤ ਹੋਈਆਂ ਪਿੰਡਾਂ ਦੀਆਂ 83 ਫੀਸਦੀ ਤੋਂ ਜ਼ਿਆਦਾ ਜਲ ਸਪਲਾਈ ਸਕੀਮਾਂ ਦੀ ਮੁਰੰਮਤ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੜ੍ਹ ਕਾਰਣ ਦੱਖਣੀ, ਉੱਤਰੀ ਅਤੇ ਕੇਂਦਰੀ ਜ਼ੋਨ ਦੀਆਂ 368 ਜਲ ਸਪਲਾਈ ਸਕੀਮਾਂ (Water Supply Schemes) ਪ੍ਰਭਾਵਿਤ ਹੋਈਆਂ ਸਨ ਅਤੇ ਇਨ੍ਹਾਂ ਵਿਚੋਂ 308 ਸਕੀਮਾਂ 18 ਜੁਲਾਈ ਦੁਪਹਿਰ 12 ਵਜੇ ਤੱਕ ਮੁਰੰਮਤ ਕਰ ਦਿੱਤੀਆਂ ਗਈਆਂ ਹਨ। ਇਹ ਦਰ 83.69 ਫੀਸਦੀ ਬਣਦੀ ਹੈ।

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀਂ ਜਲ ਸਪਲਾਈ ਸਕੀਮਾਂ ਦੀ ਮੁਰੰਮਤ ਲਈ 10 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਸਨ ਅਤੇ ਨਿਰਦੇਸ਼ ਦਿੱਤੇ ਸਨ ਕਿ ਪ੍ਰਭਾਵਿਤ ਲੋਕਾਂ ਤੱਕ ਹਰ ਹਾਲ ਵਿਚ ਸਾਫ ਪੀਣਯੋਗ ਪਾਣੀ ਪੁੱਜਦਾ ਕੀਤਾ ਜਾਵੇ। ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਵੀ ਪਿਛਲੇ ਹਫਤੇ ਵਿਭਾਗ ਦੇ ੳੇੁੱਚ ਅਧਿਕਾਰੀਆਂ ਅਤੇ ਫੀਲਡ ਸਟਾਫ ਨਾਲ ਮੀਟਿੰਗ ਕਰਕੇ ਹਦਾਇਤ ਕੀਤੀ ਸੀ ਕਿ ਹੜ੍ਹ ਪ੍ਰਭਾਵਿਤ ਪੇਂਡੂ ਖੇਤਰਾਂ ‘ਚ ਪੀਣ ਵਾਲੇ ਸਾਫ ਪਾਣੀ ਦੀ ਕੋਈ ਕਿੱਲਤ ਨਾ ਆਉਣ ਦਿੱਤੀ ਜਾਵੇ।

ਕਾਬਿਲੇਗੌਰ ਹੈ ਕਿ ਜਿਹੜੀਆਂ ਜਲ ਸਪਲਾਈ ਸਕੀਮਾਂ (Water Supply Schemes) ਹੜ੍ਹਾਂ ਕਾਰਣ ਪ੍ਰਭਾਵਿਤ ਹੋਈਆਂ ਸਨ ਉਨ੍ਹਾਂ ਸਕੀਮਾਂ ਦੇ ਲਾਭਪਾਤਰੀਆਂ ਨੂੰ ਮੁੱਖ ਮੰਤਰੀ ਦੀਆਂ ਹਦਾਇਤਾਂ ‘ਤੇ ਬਦਲਵੇਂ ਪ੍ਰਬੰਧਾਂ ਰਾਹੀਂ ਸਾਫ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਇਆ ਗਿਆ ਸੀ ਅਤੇ ਜਿਨ੍ਹਾਂ ਇਲਾਕਿਆਂ ਵਿਚ ਪਾਈਪਾਂ ਰਾਹੀਂ ਪਾਣੀ ਨਹੀਂ ਪੁੱਜ ਸਕਦਾ ਸੀ ਉੱਥੇ ਲੋੜੀਂਦੀ ਮਾਤਰਾ ਵਿਚ ਪਾਣੀ ਦੇ ਟੈਂਕਰ ਭੇਜੇ ਗਏ ਸਨ। ਜਿੰਪਾ ਨੇ ਦੱਸਿਆ ਕਿ ਬਾਕੀ ਬਚੀਆਂ 60 ਜਲ ਸਪਲਾਈ ਸਕੀਮਾਂ ਵੀ ਜਲਦ ਹੀ ਕਾਰਜਸ਼ੀਲ ਕਰ ਦਿੱਤੀਆਂ ਜਾਣਗੀਆਂ। ਵੱਖ-ਵੱਖ ਜ਼ੋਨਾਂ ਅਤੇ ਸਰਕਲਾਂ ਦੇ ਅਧਿਕਾਰੀ ਤੇ ਕਰਮਚਾਰੀ ਇਨ੍ਹਾਂ ਦੀ ਮੁਰੰਮਤ ਲਈ ਸਰਗਰਮੀ ਨਾਲ ਕਾਰਜ ਕਰ ਰਹੇ ਹਨ।

Scroll to Top