Site icon TheUnmute.com

ਪੰਜਾਬ ਨੇ ਸੂਬੇ ਦੀਆਂ ਮੰਡੀਆਂ ‘ਚ 82 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਕੀਤੀ: ਕਟਾਰੂਚੱਕ

paddy

ਨਵਾਂਸ਼ਹਿਰ 27 ਅਕਤੂਬਰ 2022: ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਇੱਥੇ ਦੱਸਿਆ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ ਕੁੱਲ 84 ਲੱਖ ਮੀਟਰਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿੱਚੋਂ ਕਰੀਬ 82 ਲੱਖ ਮੀਟਰਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ।

ਨਵਾਂਸ਼ਹਿਰ ਅਤੇ ਬੰਗਾ ਮੰਡੀਆਂ ਵਿੱਚ ਖਰੀਦ ਕਾਰਜਾਂ ਦਾ ਜਾਇਜ਼ਾ ਲੈਣ ਮੌਕੇ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਵਚਨਬੱਧਤਾ ਅਨੁਸਾਰ ਚੱਲ ਰਹੇ ਖਰੀਦ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਗਈ ਹੈ। ਤਿਉਹਾਰਾਂ ਦੌਰਾਨ ਵੀ ਕਿਸੇ ਨੂੰ ਵੀ ਆਪਣੀ ਫ਼ਸਲ ਵੇਚਣ ਲਈ ਮੰਡੀਆਂ ਵਿੱਚ ਨਹੀਂ ਰਹਿਣਾ ਪਿਆ ਕਿਉਂਕਿ ਫ਼ਸਲ ਮੰਡੀ ਪੁੱਜਣ ਦੇ ਚਾਰ ਘੰਟਿਆਂ ਵਿੱਚ ਹੀ ਫ਼ਸਲ ਦੀ ਖ਼ਰੀਦ ਹੋ ਜਾਂਦੀ ਹੈ।

ਖੁਰਾਕ ਮੰਤਰੀ ਨੇ ਕਿਹਾ ਕਿ ਸੀਜ਼ਨ ਪੂਰੀ ਤਰਾਂ ਨਿਰਵਿਘਨ ਚੱਲ ਰਿਹਾ ਅਤੇ ਲਿਫਟਿੰਗ ਅਤੇ ਅਦਾਇਗੀ ਵੀ ਨਾਲੋ-ਨਾਲ ਚੱਲ ਰਹੀ ਹੈ। ਪੰਜਾਬ ਵਿੱਚ ਹੁਣ ਤੱਕ 63 ਮੀਟਰਿਕ ਟਨ ਦੀ ਲਿਫਟਿੰਗ ਤੋਂ ਇਲਾਵਾ ਕਿਸਾਨਾਂ ਦੇ ਖਾਤਿਆਂ ਵਿੱਚ ਕੁੱਲ 10000 ਕਰੋੜ ਰੁਪਏ ਟਰਾਂਸਫਰ ਕੀਤੇ ਜਾ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਉਹ ਖੁਦ ਸਾਰੀਆਂ ਮੰਡੀਆਂ ਦਾ ਦੌਰਾ ਕਰਕੇ ਇਹ ਦੇਖਣ ਲਈ ਖਰੀਦ ਦਾ ਜਾਇਜ਼ਾ ਲੈ ਰਹੇ ਹਨ ਕਿ ਜ਼ਮੀਨੀ ਪੱਧਰ ‘ਤੇ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਮੰਡੀਆਂ ਚ ਮਿਲ ਰਹੀਆਂ ਹਨ ਜਾਂ ਨਹੀਂ। ਉਨ੍ਹਾਂ ਦੱਸਿਆ ਕਿ ਖਰੀਦ ਏਜੰਸੀਆਂ ਨੂੰ ਪਹਿਲੇ ਦਿਨ ਤੋਂ ਹੀ ਕਿਸਾਨਾਂ ਅਤੇ ਖਰੀਦ ਨਾਲ ਜੁੜੇ ਹਰੇਕ ਹਿੱਸੇਦਾਰ, ਭਾਵੇਂ ਉਹ ਮਜ਼ਦੂਰ, ਆੜ੍ਹਤੀਏ ਜਾਂ ਮਿੱਲਰ ਹਨ, ਨੂੰ ਬਿਨਾਂ ਕੋਈ ਮੁਸ਼ਕਿਲ ਦਾ ਸਾਹਮਣਾ ਕੀਤਿਆਂ, ਫਸਲ ਦੀ ਖਰੀਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਉਨ੍ਹਾਂ ਕਿਸਾਨਾਂ ਨੂੰ ਜਲਦੀ ਖਰੀਦ ਲਈ ਸਾਫ਼-ਸੁਥਰੀ ਅਤੇ ਸੁੱਕੀ ਜਿਣਸ ਹੀ ਮੰਡੀਆਂ ਵਿੱਚ ਲਿਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਖਰੀਦ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਦੀ ਗੁੰਜਾਇਸ਼ ਨਹੀਂ ਰਹੇਗੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਕ-ਇਕ ਕਰਕੇ ਸਾਰੇ ਚੋਣ ਵਾਅਦੇ/ਗਾਰੰਟੀਆਂ ਪੂਰਾ ਕਰ ਰਹੀ ਹੈ। ਛੇ ਸੌ ਯੂਨਿਟ ਮੁਫਤ ਬਿਜਲੀ, ਮੁਲਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਅਤੇ ਹੋਰ ਕਈ ਇਤਿਹਾਸਕ ਫੈਸਲਿਆਂ ਦਾ ਜ਼ਿਕਰ ਕਰਦਿਆਂ ਖੁਰਾਕ ਮੰਤਰੀ ਨੇ ਕਿਹਾ ਕਿ ਅਸੀਂ ਲੋਕਾਂ ਦੀ ਸੇਵਾ ਕਰਨ ਲਈ ਆਏ ਹਾਂ ਅਤੇ ਪੰਜਾਬ ਦੇ ਲੋਕਾਂ ਨੂੰ ਨਿਰਾਸ਼ ਨਹੀਂ ਹੋਣ ਦੇਵਾਂਗੇ ਜਿਨ੍ਹਾਂ ਨੂੰ ਕਿ ਸਾਡੇ ਤੋਂ ਬਹੁਤ ਉਮੀਦਾਂ ਹਨ।

ਉਨ੍ਹਾਂ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਅਤੇ ਮਿੱਲ ਮਾਲਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਬਾਰੇ ਪੁੱਛਿਆ। ਡੀ ਸੀ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਖੁਰਾਕ ਮੰਤਰੀ ਨੂੰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ ਅਤੇ ਖਰੀਦ ਬਾਰੇ ਵੀ ਜਾਣੂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਹੁਣ ਤੱਕ 381000 ਮੀਟਰਿਕ ਟਨ ਦੇ ਟੀਚੇ ਦੇ ਮੁਕਾਬਲੇ ਕੁੱਲ 192554 ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਜਿਸ ਵਿੱਚੋਂ 149820 ਮੀਟਰਕ ਟਨ ਦੀ ਲਿਫਟਿੰਗ ਹੋ ਚੁੱਕੀ ਹੈ ਅਤੇ 347 ਕਰੋੜ ਰੁਪਏ ਦੀ ਅਦਾਇਗੀ ਕਿਸਾਨਾਂ ਦੇ ਖਾਤਿਆਂ ਵਿੱਚ ਤਬਦੀਲ ਕਰ ਦਿੱਤੀ ਗਈ ਹੈ।

ਇਸ ਮੌਕੇ ਹਾਜ਼ਰ ਜ਼ਿਲ੍ਹਾ ਅਧਿਕਾਰੀਆਂ ਵਿੱਚ ਡੀ ਸੀ ਐਨ ਪੀ ਐਸ ਰੰਧਾਵਾ, ਐਸ ਐਸ ਪੀ ਭਾਗੀਰਥ ਸਿੰਘ ਮੀਣਾ,ਐਸ ਡੀ ਐਮ ਨਵਾਂਸ਼ਹਿਰ ਮੇਜਰ ਸ਼ਿਵਰਾਜ ਸਿੰਘ ਬੱਲ, ਐਸ ਡੀ ਐਮ ਬੰਗਾ ਪੂਨਮ ਪ੍ਰੀਤ ਕੌਰ, ਡੀ ਐਸ ਪੀ ਸਰਵਣ ਸਿੰਘ ਬੱਲ, ਡੀ ਐਸ ਪੀ ਰਣਜੀਤ ਸਿੰਘ ਬਦੇਸ਼ਾਂ, ਡਿਪਟੀ ਡਾਇਰੈਕਟਰ ਫੀਲਡ ਹਰਜੀਤ ਕੌਰ, ਡੀ ਐਫ ਐਸ ਸੀ ਰੇਣੂ ਬਾਲਾ ਵਰਮਾ ਅਤੇ ਨਵਾਂਸ਼ਹਿਰ ਤੇ ਬੰਗਾ ਤੋਂ ‘ਆਪ’ ਆਗੂ ਲਲਿਤ ਮੋਹਨ ਪਾਠਕ, ਕੁਲਜੀਤ ਸਿੰਘ ਸਰਹਾਲ ਤੇ ਗਗਨ ਅਗਨੀਹੋਤਰੀ ਵੀ ਮੌਜੂਦ ਸਨ।

Exit mobile version