Site icon TheUnmute.com

ਪੰਜਾਬ ਪੁਲਿਸ ਦੀ ANTF ਵੱਲੋਂ DSP ਵਵਿੰਦਰ ਕੁਮਾਰ ਮਹਾਜਨ ‘ਤੇ ਨਸ਼ਾ ਸਪਲਾਇਰਾਂ ਨਾਲ ਮਿਲੀਭੁਗਤ ਕਰਨ ਲਈ ਪਰਚਾ ਦਰਜ

ਚੰਡੀਗੜ੍ਹ, 19 ਸਤੰਬਰ 2024: ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜ਼ੀਰੋ ਟੌਲਰੈਂਸ ਨੀਤੀ ਦੇ ਮੱਦੇਨਜ਼ਰ ਪੰਜਾਬ ਪੁਲੀਸ ਦੀ ਐਂਟੀ ਨਾਰਕੋਟਿਕ ਟਾਸਕ ਫੋਰਸ (ANTF) ਦੀ ਜਾਂਚ ਉਪਰੰਤ ਸਾਹਮਣੇ ਆਏ ਤੱਥਾਂ ਦੇ ਅਧਾਰ ’ਤੇ DSP ਵਵਿੰਦਰ ਕੁਮਾਰ ਮਹਾਜਨ ਖ਼ਿਲਾਫ਼ ਭ੍ਰਿਸ਼ਟ ਅਭਿਆਸਾਂ ਵਿੱਚ ਡਰੱਗ ਸਪਲਾਇਰਾਂ ਦੀ ਮਦਦ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਦਿੱਤੀ ।

ਇਸ ਕੇਸ ‘ਚ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਤੇ 8 ਅਤੇ NDPS ਐਕਟ ਦੀ ਧਾਰਾ 59 (2) ਦੇ ਤਹਿਤ ਐਫ.ਆਈ.ਆਰ ਦਰਜ ਕੀਤੀ ਹੈ |

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ANTF ਨੇ 1.98 ਕਰੋੜ ਅਲਪਰਾਜ਼ੋਲਮ ਗੋਲੀਆਂ ਅਤੇ 40 ਕਿਲੋਗ੍ਰਾਮ ਕੱਚੀ ਅਲਪਰਾਜ਼ੋਲਮ ਜ਼ਬਤ ਕਰਨ ਸਬੰਧੀ ਮਾਮਲੇ ‘ਚ ਦਰਜ ਫਰਵਰੀ 2024 ਦੇ ਕੇਸ ਦੀ ਤਾਜ਼ਾ ਜਾਂਚ ਤੋਂ ਬਾਅਦ ਆਪਣੇ ਹੀ ਰੈਂਕ ‘ਚ ਭ੍ਰਿਸ਼ਟਾਚਾਰ ਵਿਰੁੱਧ ਨਿਰਣਾਇਕ ਕਾਰਵਾਈ ਕਰਦਿਆਂ ਖੁਲਾਸਾ ਕੀਤਾ ਕਿ ਡੀਐਸਪੀ (ਏਐਨਟੀਐਫ) ਵਜੋਂ ਤਾਇਨਾਤ ਵਵਿੰਦਰ ਕੁਮਾਰ ਮਹਾਜਨ ਅਤੇ ਉਸਦਾ ਸਾਥੀ ਅਖਿਲ ਜੈ ਸਿੰਘ ਵਾਸੀ ਲਖ਼ਨਊ, ਰਿਸ਼ਵਤਖੋਰੀ ਦੀ ਯੋਜਨਾ ‘ਚ ਸ਼ਾਮਲ ਸਨ। ਇਸ ਵੇਲੇ ਡੀਐਸਪੀ ਮਹਾਜਨ 9ਵੀਂ ਬਟਾਲੀਅਨ ਪੀਏਪੀ, ਅੰਮ੍ਰਿਤਸਰ ‘ਚ ਡੀਐਸਪੀ ਵਜੋਂ ਤਾਇਨਾਤ ਹੈ।

ਡੀਜੀਪੀ ਨੇ ਕਿਹਾ ਕਿ ਮਈ 2024 ‘ਚ ਮੈਸਰਜ਼ ਸਮੀਲੈਕਸ ਫਾਰਮਾਚੈਮ ਡਰੱਗ ਇੰਡਸਟਰੀਜ਼ ਵਿਖੇ ਸਾਂਝੇ ਨਿਰੀਖਣ ਦੌਰਾਨ, ਏ.ਐਨ.ਟੀ.ਐਫ. ਟੀਮ ਨੂੰ ਐਨਡੀਪੀਐਸ ਐਕਟ ਦੀ ਉਲੰਘਣਾਵਾਂ ਦਾ ਪਤਾ ਲੱਗਿਆ। ਇਸ ਕੇਸ ਦੀ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਡੀਐਸਪੀ ਮਹਾਜਨ ਨੇ ਕਾਨੂੰਨੀ ਨਤੀਜਿਆਂ ਤੋਂ ਬਚਾਉਣ ਲਈ ਮੈਸਰਜ਼ ਐਸਟਰ ਫਾਰਮਾ ਤੋਂ 45 ਲੱਖ ਰੁਪਏ ਰਿਸ਼ਵਤ ਲਈ ਸੀ।

ਵਿਸ਼ੇਸ਼ ਡੀਜੀਪੀ ਏਐਨਟੀਐਫ ਕੁਲਦੀਪ ਸਿੰਘ ਨੇ ਦੱਸਿਆ ਕਿ ਦੋ ਅਹਿਮ ਗਵਾਹਾਂ ਵੱਲੋਂ ਨਿਆਂਇਕ ਅਧਿਕਾਰੀ ਦੇ ਸਾਹਮਣੇ ਸਵੈਇੱਛਤ ਬਿਆਨ ਦਿੱਤੇ ਜਾਣ ਅਤੇ ਵਿੱਤੀ ਤੇ ਤਕਨੀਕੀ ਸਬੂਤਾਂ ਰਾਹੀਂ ਪੁਸ਼ਟੀ ਹੋਣ ਉਪਰੰਤ ਡੀਐਸਪੀ ਮਹਾਜਨ ਵੱਲੋਂ ਕੀਤੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਹੋਇਆ, ਜਿਸ ਚੱਲਦੇ ਏਐਨਟੀਐਫ ਨੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ।

ਏ.ਐਨ.ਟੀ.ਐਫ ਦੀ ਟੀਮ ਵੱਲੋਂ ਮੁਲਜ਼ਮ ਡੀਐਸਪੀ ਦੇ ਅੰਮ੍ਰਿਤਸਰ ਸਥਿਤ ਘਰ ’ਤੇ ਛਾਪੇਮਾਰੀ ਕੀਤੀ ਗਈ ,ਪਰ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ। ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮ ਡੀਐਸਪੀ ਫਰਾਰ ਹੈ ਅਤੇ ਇਸ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।

Exit mobile version