ਚੰਡੀਗੜ੍ਹ, 11 ਨਵੰਬਰ 2024: ਪੰਜਾਬ ਪੁਲਿਸ (Punjab Police) ਦੇ ਮੁਲਾਜ਼ਮਾਂ ਨੂੰ ਹੁਨਰਮੰਦ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਵਜੋਂ, ਪੰਜਾਬ ਪੁਲਿਸ ਨੇ ਅੱਜ ਗਾਂਧੀਨਗਰ ਦੀ ਰਾਸ਼ਟਰੀ ਰਕਸ਼ਾ ਯੂਨੀਵਰਸਿਟੀ ਨਾਲ ਇੱਕ ਸਮਝੌਤਾ ਪੱਤਰ (MoU) ‘ਤੇ ਹਸਤਾਖਰ ਕੀਤੇ ਹਨ। ਇਸ ਸਮਝੌਤੇ ਦਾ ਮਕਸਦ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੀ ਸਮਰੱਥਾ ਨੂੰ ਮਜ਼ਬੂਤ ਕਰਨਾ ਹੈ ਤਾਂ ਜੋ ਉਹ ਆਧੁਨਿਕ ਪੁਲਿਸਿੰਗ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਣ ਅਤੇ ਮੁਲਾਜ਼ਮਾਂ ਦੀ ਸਮਰੱਥਾਵਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ |
ਇਸ ਦੌਰਾਨ ਡੀਜੀਪੀ ਪੰਜਾਬ ਗੌਰਵ ਯਾਦਵ ਦੀ ਮੌਜੂਦਗੀ ‘ਚ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਟੈਕਨੀਕਲ ਸਰਵਿਸਿਜ਼ ਰਾਮ ਸਿੰਘ ਅਤੇ ਆਰ.ਆਰ.ਯੂ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਕਲਪੇਸ਼ ਐਚ ਵਾਂਦਰਾ ਵਿਚਾਲੇ ਸਹੀਬੱਧ ਕੀਤਾ ਗਿਆ ਹੈ |
ਇਸ ਸਮਝੌਤੇ ਦੇ ਤਹਿਤ RRU ਕਲਾਸਰੂਮ-ਅਧਾਰਿਤ ਸੈਸ਼ਨਾਂ, ਔਨਲਾਈਨ ਸਿੱਖਣ ਦੇ ਮੌਕੇ ਅਤੇ ਦੋਵਾਂ ਦੀ ਵਿਸ਼ੇਸ਼ਤਾ ਵਾਲੇ ਹਾਈਬ੍ਰਿਡ ਮਾਡਲ ਸਮੇਤ ਵਿਭਿੰਨ ਸ਼੍ਰੇਣੀ ਦੇ ਪ੍ਰੋਗਰਾਮ ਪ੍ਰਦਾਨ ਕਰੇਗਾ। ਇਨ੍ਹਾਂ ਪ੍ਰੋਗਰਾਮਾਂ ‘ਚ ਵੱਖ-ਵੱਖ ਵਿਸ਼ਿਆਂ ਜਿਵੇਂ ਕਿ ਮਹਿਲਾ ਸਸ਼ਕਤੀਕਰਨ ਅਤੇ ਪੁਲਿਸਿੰਗ ਵਿੱਚ ਉਨ੍ਹਾਂ ਦੀ ਭੂਮਿਕਾ, ਸਾਈਬਰ ਅਪਰਾਧ ਜਾਂਚ ਰਣਨੀਤੀਆਂ, ਬਲੌਕਚੈਨ ਅਤੇ ਕ੍ਰਿਪਟੋਕਰੰਸੀ, ਵਿੱਤੀ ਧੋਖਾਧੜੀ ਦੀ ਰੋਕਥਾਮ ਦੀਆਂ ਤਕਨੀਕਾਂ, ਡਰੋਨ ਸਿਖਲਾਈ, ਅ.ਤਿ.ਵਾ.ਦ ਵਿਰੋਧੀ ਤਕਨੀਕਾਂ, ਵੀਆਈਪੀ ਸੁਰੱਖਿਆ ਪ੍ਰੋਟੋਕੋਲ ਅਤੇ ਪੰਜਾਬ ਪੁਲਿਸ ਦੁਆਰਾ ਪੇਸ਼ ਕੀਤੇ ਗਏ ਹੋਰ ਸਿਖਲਾਈ ਪ੍ਰੋਟੋਕੋਲ ਵਰਗੇ ਵੱਖ-ਵੱਖ ਵਿਸ਼ਿਆਂ ‘ਤੇ ਖਾਸ ਧਿਆਨ ਦਿੱਤਾ ਗਿਆ ਹੈ |
ਡੀਜੀਪੀ ਗੌਰਵ ਯਾਦਵ (Punjab Police) ਨੇ ਇਸ ਸਮਝੌਤੇ ਨੂੰ ਕਾਨੂੰਨ ਲਾਗੂ ਕਰਨ ਦੀ ਸਿੱਖਿਆ ਅਤੇ ਸਿਖਲਾਈ ‘ਚ ਉੱਤਮਤਾ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਕਰਾਰ ਦਿੱਤਾ ਹੈ | ਉਨ੍ਹਾਂ ਨੇ ਕਿਹਾ ਕਿ ਇਹ ਭਾਈਵਾਲੀ ਪੁਲਿਸਿੰਗ ਅਤੇ ਸੁਰੱਖਿਆ ‘ਚ ਸਮਕਾਲੀ ਚੁਣੌਤੀਆਂ ਨੂੰ ਹੱਲ ਕਰਨ ਦੇ ਉਦੇਸ਼ ਨਾਲ ਸਾਂਝੇ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰੇਗੀ। ਉਸਨੇ ਭਾਰਤ ‘ਚ ਪੁਲਿਸਿੰਗ ਦੇ ਭਵਿੱਖ ਨੂੰ ਬਦਲਣ ‘ਚ ਅਜਿਹੇ ਸਮਝੌਤਿਆਂ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਇਹ ਸਮਝੌਤਾ ਵੱਖ-ਵੱਖ ਖੇਤਰਾਂ ‘ਚ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਨੂੰ ਸਮਰੱਥ ਬਣਾਵੇਗਾ ਜਿੱਥੇ ਵਧੇਰੇ ਆਧੁਨਿਕ ਤਕਨੀਕਾਂ, ਹੁਨਰ ਅਤੇ ਗਿਆਨ ਦੀ ਲੋੜ ਹੈ ਅਤੇ ਇਹ ਵਧੇਰੇ ਲਾਹੇਵੰਦ ਸਾਬਤ ਹੋਵੇਗਾ |
ਪ੍ਰੋਫੈਸਰ (ਡਾ.) ਕਲਪੇਸ਼ ਐਚ ਵਾਂਦਰਾ ਨੇ ਇਸ ਸਾਂਝੇਦਾਰੀ ਲਈ ਧੰਨਵਾਦ ਕੀਤਾ ਅਤੇ ਇਸ ਦੇ ਲੰਮੇ ਸਮੇਂ ਦੇ ਲਾਭਾਂ ‘ਤੇ ਚਾਨਣਾ ਪਾਇਆ, ਜੋ ਦੋਵਾਂ ਸੰਸਥਾਵਾਂ ਲਈ ਲਾਹੇਵੰਦ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਆਰ.ਆਰ.ਯੂ ਅਤੇ ਪੰਜਾਬ ਪੁਲਿਸ ਦਰਮਿਆਨ ਆਪਸੀ ਤਾਲਮੇਲ ਰਾਹੀਂ ਸਿੱਖਣ ਦੇ ਹੁਨਰ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਮਹੱਤਵਪੂਰਨ ਸਾਬਤ ਹੋਵੇਗਾ |
ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀਆਂ ਬਦਲਦੀਆਂ ਲੋੜਾਂ ਦੇ ਮੁਤਾਬਕ ਸੁਰੱਖਿਆ ਪ੍ਰਣਾਲੀਆਂ ਅਤੇ ਜਨਤਕ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਪੰਜਾਬ ਪੁਲਿਸ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਜਨਤਕ ਸੁਰੱਖਿਆ, ਅਪਰਾਧ ਰੋਕਥਾਮ, ਕਮਿਊਨਿਟੀ ਪੁਲਿਸਿੰਗ, ਰਾਸ਼ਟਰੀ ਸੁਰੱਖਿਆ, ਸਾਈਬਰ ਅਪਰਾਧ ਰੋਕਥਾਮ ਗਤੀਵਿਧੀਆਂ ਦੇ ਨਾਲ-ਨਾਲ ਆਪਣੇ ਕਰਮਚਾਰੀਆਂ ਨੂੰ ਨਵੀਨਤਮ ਤਕਨੀਕਾਂ ਨਾਲ ਲੈਸ ਕਰਨ ‘ਤੇ ਧਿਆਨ ਕੇਂਦਰਿਤ ਕਰਦੀ ਹੈ ਅਤੇ ਰਾਸ਼ਟਰੀ ਰਕਸ਼ਾ ਯੂਨੀਵਰਸਿਟੀ ਨਾਲ ਇਹ ਭਾਈਵਾਲੀ ਪੰਜਾਬ ਪੁਲਿਸ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ | ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਦੀ ਸੇਵਾ ਕਰਨ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ।