ਚੰਡੀਗੜ੍ਹ 20 ਜੁਲਾਈ 2022: ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭਕਨਾ ਨੇੜੇ ਪੰਜਾਬ ਪੁਲਿਸ (Punjab Police) ਅਤੇ ਗੈਂਗਸਟਰਾਂ ਵਿਚਕਾਰ ਹੋਈ ਮੁੱਠਭੇੜ ‘ਚ 2 ਗੈਂਗਸਟਰ ਮਨਪ੍ਰੀਤ ਮੰਨੂ ਕੁੱਸਾ ਅਤੇ ਜਗਰੂਪ ਸਿੰਘ ਰੂਪਾ ਮਾਰੇ ਗਏ ਹਨ | ਇਸਦੇ ਨਾਲ ਹੀ ਇਸ ਮੁੱਠਭੇੜ ਨੂੰ ਲੈ ਕੇ ਪੰਜਾਬ ਦੇ ਏ.ਡੀ.ਜੀ.ਪੀ. ਪ੍ਰਮੋਦ ਬਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਵੱਡੇ ਖ਼ੁਲਾਸੇ ਕੀਤੇ |
ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ ਖਤਮ ਹੋਣ ਤੋਂ ਬਾਅਦ ਪੰਜਾਬ ਦੇ ਏ.ਡੀ.ਜੀ.ਪੀ. ਪ੍ਰਮੋਦ ਬਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਦੋਵੇਂ ਗੈਂਗਸਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂੰ ਨੂੰ ਗ੍ਰਿਫਤਾਰ ਕਰਨ ਲਈ ਕਈ ਦਿਨਾਂ ਤੋਂ ਛਾਪੇਮਾਰੀ ਕੀਤੀ ਜਾ ਰਹੀ ਸੀ ਕਿਉਂਕਿ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂੰ ਕੁੱਸਾ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮੁੱਖ ਸ਼ੂਟਰ ਸਨ, ਜੋ ਕਿ ਐਨਕਾਊਂਟਰ ਦੌਰਾਨ ਮਾਰੇ ਗਏ ਸਨ।
ਉਨ੍ਹਾਂ ਕਿਹਾ ਕਿ ਇਹ ਦੋਵੇਂ ਸਿੱਧੂ ਦੇ ਕਤਲ ਵੇਲੇ ਕੋਰੋਲਾ ਕਾਰ ‘ਚ ਸਵਾਰ ਸੀ। ਉਨ੍ਹਾਂ ਦੱਸਿਆ ਕਿ ਅੱਜ 4-5 ਘੰਟੇ ਚੱਲੇ ਆਪ੍ਰੇਸ਼ਨ ਦੌਰਾਨ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਨੂੰ ਪੁਲਿਸ ਨੇ ਮਾਰ ਮੁਕਾਇਆ ਹੈ | ਏ.ਡੀ.ਜੀ.ਪੀ ਨੇ ਦੱਸਿਆ ਕਿ ਪੁਲਸ ਨੂੰ ਇਸ ਇਲਾਕੇ ‘ਚ ਇਨ੍ਹਾਂ ਦੋਵਾਂ ਸ਼ੂਟਰਾਂ ਦੇ ਹੋਣ ਦੀ ਗੁਪਤ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਅਤੇ ਐਂਟੀ ਗੈਂਗਸਟਰ ਟਾਸ੍ਕ ਫੋਰਸ ਨੇ ਵੱਡੀ ਕਾਰਵਾਈ ਕਰਦੇ ਹੋਏ ਦੋਵਾਂ ਨੂੰ ਮਾਰ ਮੁਕਾਇਆ। ਇਸ ਮੁੱਠਭੇੜ ਦੌਰਾਨ ਗੈਂਗਸਟਰਾਂ ਕੋਲੋਂ ਏਕੇ-47 ਅਤੇ ਇੱਕ ਪਿਸਤੌਲ ਬਰਾਮਦ ਹੋਇਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏ.ਡੀ.ਜੀ.ਪੀ. ਨੇ ਦੱਸਿਆ ਕਿ ਇਨ੍ਹਾਂ ਗੈਂਗਸਟਰਾਂ ਦੀ ਹਾਲ ਕੀਤੀ ਜਾ ਰਹੀ ਸੀ । ਇਹ ਮੁਲਜ਼ਮ ਪਿੰਡ ਦੀ ਇੱਕ ਪੁਰਾਣੀ ਇਮਾਰਤ ਵਿੱਚ ਲੁਕੇ ਹੋਏ ਸਨ। ਅੱਜ ਸਵੇਰੇ ਪੁਲਿਸ ਨੇ ਉਨ੍ਹਾਂ ਨੂੰ ਪਹਿਲਾਂ ਆਤਮ ਸਮਰਪਣ ਕਰਨ ਲਈ ਕਿਹਾ ਸੀ ਪਰ ਉਨ੍ਹਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਉਨ੍ਹਾਂ ਕਿਹਾ ਕਿ ਵਾਰ-ਵਾਰ ਕਹਿਣ ਦੇ ਬਾਵਜੂਦ ਉਨ੍ਹਾਂ ਨੇ ਫਾਇਰਿੰਗ ਜਾਰੀ ਰੱਖੀ। ਪੁਲਿਸ ਨੇ ਪਹਿਲਾਂ ਤਾਂ ਬੜੀ ਸਾਵਧਾਨੀ ਨਾਲ ਸਥਿਤੀ ਨੂੰ ਸੰਭਾਲਿਆ। ਮੁਕਾਬਲੇ ਦੌਰਾਨ ਤਿੰਨ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ ਅਤੇ ਉਹ ਹੁਣ ਖਤਰੇ ਤੋਂ ਬਾਹਰ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਇੱਕ ਰਾਈਫ਼ਲ ਅਤੇ ਇੱਕ ਪਿਸਤੌਲ ਬਰਾਮਦ ਕੀਤਾ ਗਿਆ ਹੈ। ਜਦੋਂ ਪੁਲੀਸ ਮੁਲਾਜ਼ਮ ਘਰ ਦੇ ਅੰਦਰ ਗਏ ਤਾਂ ਅੰਦਰ ਸਿਰਫ਼ ਦੋ ਵਿਅਕਤੀ ਸਨ, ਤੀਜਾ ਕੋਈ ਨਹੀਂ ਸੀ। ਉਨ੍ਹਾਂ ਕਿਹਾ ਕਿ ਇਸ ਸਫਲਤਾ ਨਾਲ ਗੈਂਗਸਟਰਾਂ ਦਾ ਵੱਡਾ ਗਠਜੋੜ ਟੁੱਟ ਗਿਆ ਹੈ।