June 30, 2024 8:32 pm
Punjab Police

ਪੰਜਾਬ ਪੁਲਿਸ ਨੇ ਜੇਲ੍ਹ ‘ਚ ਬੰਦ ਦੋ ਗੈਂਗਸਟਰਾਂ ਵੱਲੋਂ ਦੱਸੇ ਟਿਕਾਣਿਆਂ ਤੋਂ ਛੇ ਪਿਸਤੌਲ ਕੀਤੇ ਬਰਾਮਦ

ਚੰਡੀਗੜ੍ਹ/ਫਤਿਹਗੜ੍ਹ ਸਾਹਿਬ 14 ਅਕਤੂਬਰ 2022: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਜੰਗ ਦੌਰਾਨ ਪੰਜਾਬ ਪੁਲਿਸ (Punjab Police) ਵੱਲੋਂ ਅੱਜ ਜੇਲ੍ਹ ‘ਚ ਬੰਦ ਦੋ ਗੈਂਗਸਟਰਾਂ ਵੱਲੋਂ ਦੱਸੇ ਵੱਖ-ਵੱਖ ਟਿਕਾਣਿਆਂ ਤੋਂ ਦੋ ਵਿਦੇਸ਼ੀ ਪਿਸਤੌਲਾਂ ਸਮੇਤ ਛੇ ਪਿਸਤੌਲ ਬਰਾਮਦ ਕੀਤੇ ਗਏ ਹਨ। ਬਰਾਮਦ ਕੀਤੇ ਗਏ ਪਿਸਤੌਲਾਂ ਵਿੱਚ ਆਸਟ੍ਰੀਆ ਦਾ ਬਣਿਆ 9ਐਮ.ਐਮ. ਗਲੌਕ ਪਿਸਤੌਲ, ਚੀਨ ਦਾ ਬਣਿਆ ਸੀਐਫ-98 ਪਿਸਤੌਲ ਅਤੇ ਚਾਰ ਦੇਸੀ .315 ਬੋਰ ਦੇ ਪਿਸਤੌਲਾਂ ਸਮੇਤ 12 ਜਿੰਦਾ ਕਾਰਤੂਸ ਸ਼ਾਮਲ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀ.ਆਈ.ਜੀ.) ਰੋਪੜ ਰੇਂਜ-ਕਮ-ਐਂਟੀ-ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਗੁਰਪ੍ਰੀਤ ਸਿੰਘ ਭੁੱਲਰ (Gurpreet Singh Bhullar) ਨੇ ਦੱਸਿਆ ਕਿ ਤਰਨਜੋਤ ਸਿੰਘ ਉਰਫ਼ ਤੰਨਾ ਨੂੰ ਥਾਣਾ ਸਰਹਿੰਦ ਵਿਖੇ ਧਾਰਾ 384, 120ਬੀ ਅਤੇ 25/54/59 ਤਹਿਤ ਦਰਜ ਐਫਆਈਆਰ ਨੰਬਰ 117 ਮਿਤੀ 29.07.2022 ਵਿੱਚ ਨਾਮਜ਼ਦ ਕੀਤਾ ਗਿਆ ਸੀ।

ਉਹਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਤੰਨਾ ਨੂੰ ਪਾਕਿਸਤਾਨ ਸਥਿਤ ਆਈਐਸਵਾਈਐਫ ਦੇ ਮੁਖੀ ਲਖਬੀਰ ਸਿੰਘ ਰੋਡੇ ਉਰਫ਼ ਬਾਬਾ ਵੱਲੋਂ ਸਰਹੱਦ ਪਾਰੋਂ ਭੇਜੀ 11 ਆਧੁਨਿਕ ਹਥਿਆਰਾਂ ਦੀ ਖੇਪ ਮਿਲੀ ਸੀ, ਜਿਸ ਵਿੱਚੋਂ ਪੁਲਿਸ ਨੇ 9 ਹਥਿਆਰ ਬਰਾਮਦ ਕੀਤੇ ਹਨ ਅਤੇ ਦੋ ਅਜੇ ਵੀ ਉਸ ਕੋਲ ਸਨ।

ਉਹਨਾਂ ਅੱਗੇ ਕਿਹਾ ਕਿ ਇਸ ਉਪਰੰਤ ਲੋਪੋਕੇ, ਅੰਮ੍ਰਿਤਸਰ ਵਿੱਚ ਉਸਦੇ ਦੋਸਤ ਦੇ ਘਰੋਂ ਇੱਕ ਸੀਐਫ-98 ਪਿਸਤੌਲ ਅਤੇ ਦੋ .315. ਬੋਰ ਦੇ ਪਿਸਤੌਲ ਬਰਾਮਦ ਕੀਤੇ ਗਏ। ਐਸਐਸਪੀ ਫ਼ਤਿਹਗੜ੍ਹ ਸਾਹਿਬ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਤਰਨਜੋਤ ਤੰਨਾ ਦੇ ਖੁਲਾਸੇ ‘ਤੇ ਪੁਲਿਸ ਵੱਲੋਂ ਕਪੂਰਥਲਾ ਜੇਲ੍ਹ ਤੋਂ ਇੱਕ ਹੋਰ ਗੈਂਗਸਟਰ ਜਸਪਾਲ ਸਿੰਘ ਉਰਫ਼ ਜੱਸੀ ਨੂੰ ਵੀ ਲਿਆਂਦਾ ਗਿਆ ਅਤੇ ਹੁਸ਼ਿਆਰਪੁਰ ਤੋਂ ਉਸਦੇ ਇੱਕ ਸਾਥੀ ਲਾਡੀ ਦੇ ਘਰੋਂ ਦੋ ਦੇਸੀ ਪਿਸਤੌਲਾਂ ਸਮੇਤ ਬਾਕੀ ਰਹਿੰਦਾ ਗਲੌਕ ਪਿਸਤੌਲ ਬਰਾਮਦ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਬਰਾਮਦਗੀ ਨਾਲ ਸੀਆਈਏ ਫਤਿਹਗੜ੍ਹ ਸਾਹਿਬ ਦੀ ਟੀਮ ਨੇ ਲਖਬੀਰ ਰੋਡੇ ਵੱਲੋਂ ਪਾਕਿਸਤਾਨ ਤੋਂ ਭੇਜੀ ਗਈ ਹਥਿਆਰਾਂ ਦੀ ਖੇਪ ਵਿੱਚ ਸ਼ਾਮਲ ਸਾਰੇ ਹਥਿਆਰਾਂ ਨੂੰ ਬਰਾਮਦ ਕਰ ਲਿਆ ਹੈ।ਦੱਸਣਯੋਗ ਹੈ ਕਿ ਤਰਨਜੋਤ ਤੰਨਾ ਦਾ ਨਾਂ ਹਾਲ ਹੀ ਵਿੱਚ ਜ਼ਿਲ੍ਹਾ ਬਠਿੰਡਾ ਨਾਲ ਸਬੰਧਤ ਇੱਕ ਫਿਰੌਤੀ ਕੇਸ ਵਿੱਚ ਵੀ ਸਾਹਮਣੇ ਆਇਆ ਸੀ, ਜਿਸ ਵਿੱਚ ਗੋਲਡੀ ਬਰਾੜ, ਮਨਪ੍ਰੀਤ ਉਰਫ਼ ਮੰਨਾ ਅਤੇ ਤਰਨਜੋਤ ਉਰਫ਼ ਤੰਨਾ ਨੇ ਬਠਿੰਡਾ ਦੇ ਇੱਕ ਕਾਰੋਬਾਰੀ ਤੋਂ ਫਿਰੌਤੀ ਲਈ ਸੀ। ਇਸ ਮਾਮਲੇ ਵਿੱਚ ਦਿੱਲੀ ਸਪੈਸ਼ਲ ਸੈੱਲ ਵੱਲੋਂ ਗ੍ਰਿਫ਼ਤਾਰ ਕੀਤੇ ਸ਼ੂਟਰਾਂ ਨੇ ਤੰਨਾ ਦਾ ਨਾਂ ਉਜਾਗਰ ਕੀਤਾ ਸੀ। ਜ਼ਿਕਰਯੋਗ ਹੈ ਕਿ ਸਰਹੱਦ ਪਾਰ ਉਨ੍ਹਾਂ ਦੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।