ਚੰਡੀਗੜ੍ਹ/ਬਠਿੰਡਾ, 21 ਫਰਵਰੀ 2023: ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ ਕੰਟਰੈਕਟ ਕਿਲਿੰਗ (contract killing) ਨੂੰ ਅੰਜਾਮ ਦੇਣ ਜਾ ਰਹੇ ਦੋ ਵਿਅਕਤੀਆਂ ਨੂੰ ਇੱਕ 32 ਬੋਰ ਪਿਸਤੌਲ, ਇੱਕ ਮੈਗਜ਼ੀਨ ਅਤੇ ਚਾਰ ਜਿੰਦਾ ਕਾਰਤੂਸਾਂ ਸਮੇਤ ਗਿਰਫ਼ਤਾਰ ਕਰਕੇ ਕੰਟਰੈਕਟ ਕਿਲਿੰਗ ਦੀ ਇੱਕ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਇਹ ਪ੍ਰਗਟਾਵਾ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਮੰਗਲਵਾਰ ਨੂੰ ਇੱਥੇ ਕੀਤਾ।
ਗਿਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਤਰਨਦੀਪ ਸਿੰਘ ਉਰਫ ਲਾਡੀ ਵਾਸੀ ਜੈਤੋ, ਫ਼ਰੀਦਕੋਟ ਅਤੇ ਕੁਲਦੀਪ ਸਿੰਘ ਉਰਫ ਕਾਲੀ ਵਾਸੀ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ। ਗਿਰਫਤਾਰ ਕੀਤੇ ਦੋਵੇਂ ਮੁਲਜ਼ਮ ਹਿਸਟਰੀਸ਼ੀਟਰ ਹਨ ਅਤੇ ਪੰਜਾਬ ਪੁਲਿਸ ਨੂੰ ਫਿਰੌਤੀ ਦੇ ਕੇਸ ਅਤੇ ਹਰਿਆਣਾ ਪੁਲਿਸ ਨੂੰ ਬੰਦੂਕ ਦੀ ਨੋਕ ‘ਤੇ ਕਾਰ ਖੋਹਣ ਦੇ ਕੇਸ ਵਿੱਚ ਲੋੜੀਂਦੇ ਹਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਕਾਊਂਟਰ ਇੰਟੈਲੀਜੈਂਸ ਯੂਨਿਟ ਦੀ ਅਗਵਾਈ ਵਿੱਚ ਪੰਜਾਬ ਪੁਲਿਸ ਟੀਮਾਂ ਨੇ ਅਮਰੀਕਾ ਸਥਿਤ ਨਿਰੰਜਨ ਸਿੰਘ ਉਰਫ ਨਿੱਕ ਦੇ ਨਿਰਦੇਸ਼ਾਂ ‘ਤੇ ਮਲੋਟ ਦੇ ਇੱਕ ਵਿਅਕਤੀ ਦੇ ਕਤਲ ਦੀ ਸਾਜ਼ਿਸ਼ ਰਚ ਰਹੇ ਦੋਵਾਂ ਮੁਲਜ਼ਮਾਂ ਨੂੰ ਗਿ੍ਰਫਤਾਰ ਕੀਤਾ ਹੈ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਨਿੱਕ ਆਪਣੇ ਰਿਸ਼ਤੇਦਾਰ ਤੋਂ ਬਦਲਾ ਲੈਣਾ ਚਾਹੁੰਦਾ ਸੀ ਅਤੇ ਉਸ (ਨਿੱਕ) ਨੇ ਉਸ ਨੂੰ ਮਾਰਨ ਲਈ ਲਾਡੀ ਅਤੇ ਕਾਲੀ ਨੂੰ ਪੈਸੇ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਮੁਲਜਮ ਲਾਡੀ ਕਾਂਟਰੈਕਟ ਕਿਲਿੰਗ ਨੂੰ ਅੰਜਾਮ ਦੇਣ ਲਈ ਮੱਧ ਪ੍ਰਦੇਸ਼ ਤੋਂ ਪਿਸਤੌਲ ਅਤੇ ਅਸਲਾ ਲਿਆਇਆ ਸੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਾਊਂਟਰ ਇੰਟੈਲੀਜੈਂਸ ਬਠਿੰਡਾ ਜ਼ੋਨ ਦੇ ਏ.ਆਈ.ਜੀ. ਸਿਮਰਤਪਾਲ ਸਿੰਘ ਢੀਂਡਸਾ ਨੇ ਦੱਸਿਆ ਕਿ ਮੁਲਜ਼ਮ ਨਿੱਕ ਨੇ ਇਸ ਵਾਰਦਾਤ ਨੂੰ ਸਫਲਤਾਪੂਰਵਕ ਅੰਜਾਮ ਦੇਣ ਦੇ ਮੱਦੇਨਜ਼ਰ ਮੱਧ ਪ੍ਰਦੇਸ਼ ਤੋਂ ਹਥਿਆਰ ਖਰੀਦਣ ਲਈ ਲਾਡੀ ਦੀ ਮਾਂ ਦੇ ਬੈਂਕ ਖਾਤੇ ਵਿੱਚ ਲਗਭਗ 2.50 ਲੱਖ ਰੁਪਏ ਭੇਜੇ ਸਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।
ਜ਼ਿਕਰਯੋਗ ਹੈ ਕਿ ਇਸ ਸਬੰਧੀ ਐਫ.ਆਈ.ਆਰ ਨੰ. 7 ਮਿਤੀ 21-02-2023 ਨੂੰ ਅਸਲਾ ਐਕਟ ਦੀ ਧਾਰਾ 25 ਅਧੀਨ ਥਾਣਾ ਐਸ.ਐਸ.ਓ.ਸੀ. ਫਾਜ਼ਿਲਕਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।