Site icon TheUnmute.com

ਪੰਜਾਬ ਪੁਲਿਸ ਵਲੋਂ ਅਰਮੀਨੀਆ ਅਧਾਰਿਤ ਗੈਂਗਸਟਰ ਲੱਕੀ ਪਟਿਆਲ ਦੇ ਦੋ ਸਾਥੀ ਗ੍ਰਿਫਤਾਰ, ਪਿਸਤੌਲ ਤੇ ਜਿੰਦਾ ਕਾਰਤੂਸ ਬਰਾਮਦ

Punjab Police

ਚੰਡੀਗੜ੍ਹ/ਮੋਹਾਲੀ, 25 ਜਨਵਰੀ 2023: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਜੰਗ ਦੇ ਹਿੱਸੇ ਵਜੋਂ ਪੰਜਾਬ ਪੁਲਿਸ (Punjab Police) ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਐਸ.ਏ.ਐਸ.ਨਗਰ ਨੇ ਵਿਸ਼ੇਸ਼ ਆਪ੍ਰੇਸ਼ਨ ਦੌਰਾਨ ਅਰਮੀਨੀਆ ਅਧਾਰਿਤ ਗੈਂਗਸਟਰ ਲੱਕੀ ਪਟਿਆਲ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਲੱਕੀ ਪਟਿਆਲ, ਜੋ ਮੌਜੂਦਾ ਸਮੇਂ ਬੰਬੀਹਾ ਗੈਂਗ ਦਾ ਮੁਖੀ ਹੈ, ਪੰਜਾਬ ਪੁਲਿਸ ਵੱਲੋਂ ਅਤਿ ਲੋੜੀਂਦਾ ਗੈਂਗਸਟਰ ਹੈ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕੁਲਦੀਪ ਸਿੰਘ ਕਿੰਗਰਾ ਵਾਸੀ ਮੰਡੀ ਡੱਬਵਾਲੀ, ਸਿਰਸਾ, ਹਰਿਆਣਾ ਅਤੇ ਹਰਿੰਦਰ ਸਿੰਘ ਵਾਸੀ ਕੋਟਕਪੁਰਾ, ਫ਼ਰੀਦਕੋਟ ਵਜੋਂ ਹੋਈ ਹੈ।
ਵੇਰਵੇ ਦਿੰਦਿਆਂ ਏ.ਆਈ.ਜੀ. ਐਸ.ਐਸ.ਓ.ਸੀ. ਐਸ.ਏ.ਐਸ. ਨਗਰ ਅਸ਼ਵਨੀ ਕਪੂਰ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਸਟੇਸ਼ਨ ਐਸ.ਐਸ.ਓ.ਸੀ., ਐਸ.ਏ.ਐਸ. ਨਗਰ ਵਿਖੇ ਅਸਲਾ ਐਕਟ ਅਤੇ ਜਬਰੀ ਵਸੂਲੀ ਦੀਆਂ ਧਾਰਾਵਾਂ ਤਹਿਤ ਪਹਿਲਾਂ ਹੀ ਐਫ.ਆਈ.ਆਰ. ਦਰਜ ਕੀਤੀ ਜਾ ਚੁੱਕੀ ਹੈ।

ਉਹਨਾਂ ਅੱਗੇ ਦੱਸਿਆ ਕਿ ਜਾਂਚ ਦੌਰਾਨ ਛਾਪੇਮਾਰੀ ਕੀਤੀ ਗਈ ਅਤੇ ਪੁਲਿਸ ਪਾਰਟੀ ਐਸ.ਐਸ.ਓ.ਸੀ. ਐਸ.ਏ.ਐਸ. ਨਗਰ ਨੇ ਐਤਵਾਰ ਨੂੰ ਕੁਲਦੀਪ ਸਿੰਘ ਕਿੰਗਰਾ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕਿੰਗਰਾ ਅਪਰਾਧੀਆਂ ਅਤੇ ਬੰਬੀਹਾ ਗੁਰੱਪ ਦੇ ਮੈਂਬਰਾਂ ਨੂੰ ਸਿਰਸਾ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਛੁਪਣਗਾਹਾਂ ਮੁਹੱਈਆ ਕਰਵਾ ਕੇ ਮਦਦ ਕਰ ਰਿਹਾ ਸੀ।

ਕਿੰਗਰਾ ਤੋਂ ਪੁੱਛ-ਪੜਤਾਲ ਦੌਰਾਨ ਮਿਲੇ ਸੁਰਾਗਾਂ ਨਾਲ ਪੁਲਸ ਟੀਮਾਂ ਨੇ ਮੰਗਲਵਾਰ ਨੂੰ ਉਸ ਦੇ ਸਾਥੀ ਹਰਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਕੋਲੋਂ ਇਕ ਦੇਸੀ ਪਿਸਤੌਲ ਅਤੇ ਚਾਰ ਜਿੰਦਾ ਕਾਰਤੂਸ ਬਰਾਮਦ ਕੀਤੇ। ਗ੍ਰਿਫ਼ਤਾਰ ਕੀਤੇ ਦੋਵਾਂ ਮੁਲਜ਼ਮਾਂ ਤੋਂ ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਕੁਲਦੀਪ ਕਿੰਗਰਾ ਅਤੇ ਹਰਿੰਦਰ ਸਿੰਘ, ਮੋਗਾ ਦੇ ਰਹਿਣ ਵਾਲੇ ਜੈਕਪਾਲ ਸਿੰਘ ਉਰਫ਼ ਲਾਲੀ ਦੇ ਇਸ਼ਾਰੇ ‘ਤੇ ਕੰਮ ਕਰਦੇ ਸਨ। ਜੈਕਪਾਲ ਲਾਲੀ ਗੈਂਗਸਟਰ ਲੱਕੀ ਪਟਿਆਲ ਦਾ ਪੁਰਾਣਾ ਸਾਥੀ ਹੈ।

ਵਿਦੇਸ਼ ਅਧਾਰਤ ਸੰਚਾਲਕਾਂ ਦੇ ਨਿਰਦੇਸ਼ਾਂ ‘ਤੇ ਮੁਲਜ਼ਮ ਹਰਿੰਦਰ ਸਿੰਘ ਪੰਜਾਬ ਦੇ ਕੁਝ ਕਾਰੋਬਾਰੀਆਂ ਅਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਨੂੰ ਧਮਕੀਆਂ ਦੇ ਕੇ ਉਨ੍ਹਾਂ ਤੋਂ ਜਬਰੀ ਪੈਸੇ ਵਸੂਲਣ ਵਿੱਚ ਸ਼ਾਮਲ ਸੀ, ਜਦਕਿ ਕੁਲਦੀਪ ਕਿੰਗਰਾ ਮੁਲਜ਼ਮਾਂ ਦੇ ਲੁਕਣ ਲਈ ਛੁਪਣਗਾਹਾਂ ਦਾ ਪ੍ਰਬੰਧ ਕਰ ਰਿਹਾ ਸੀ। ਹਰਿਆਣਾ ਦੇ ਸਿਰਸਾ ਇਲਾਕੇ ਵਿਚ ਰਹਿਣ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਦੇ ਕੁਝ ਮੈਂਬਰ ਵੀ ਉਨ੍ਹਾਂ ਦੇ ਨਿਸ਼ਾਨੇ ‘ਤੇ ਸਨ। ਜੈਕਪਾਲ ਲਾਲੀ ਨੇ ਹੀ ਹਰਿੰਦਰ ਸਿੰਘ ਨੂੰ ਹਥਿਆਰ ਅਤੇ ਗੋਲੀ ਸਿੱਕਾ ਮੁਹੱਈਆ ਕਰਵਾਇਆ ਸੀ।

ਇਸ ਤੋਂ ਪਹਿਲਾਂ ਜੈਕਪਾਲ ਲਾਲੀ ਨੇ ਹਰਿੰਦਰ ਸਿੰਘ ਨੂੰ ਦੋ ਗੈਰ-ਕਾਨੂੰਨੀ ਹਥਿਆਰ ਵੀ ਮੁਹੱਈਆ ਕਰਵਾਏ ਸਨ ਜੋ ਉਸ ਨੇ ਅੱਗੇ ਆਪਣੇ ਸਾਥੀਆਂ ਨੂੰ ਦਿੱਤੇ ਸਨ। ਇਹਨਾਂ ਹਥਿਆਰਾਂ ਦੀ ਬਰਾਮਦਗੀ ਅਜੇ ਬਾਕੀ ਹਨ ਅਤੇ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।

Exit mobile version