Site icon TheUnmute.com

Amritsar: ਪੰਜਾਬ ਪੁਲਿਸ ਨੇ ਇੱਕ ਮਾਡਿਊਲ ਦੇ 10 ਮੈਂਬਰਾਂ ਨੂੰ ਕੀਤਾ ਗ੍ਰਿਫਤਾਰ, ਅਸਲਾ ਬਰਾਮਦ

Amritsar

ਚੰਡੀਗੜ੍ਹ/ਅੰਮ੍ਰਿਤਸਰ, 6 ਦਸੰਬਰ 2024: ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ (Amritsar) ਨੇ ਪਾਕਿਸਤਾਨ ਸਥਿਤ ਹਰਵਿੰਦਰ ਰਿੰਦਾ ਅਤੇ ਵਿਦੇਸ਼ ਸਥਿਤ ਹੈਪੀ ਪਾਸੀਅਨ, ਜੀਵਨ ਫੌਜੀ ਅਤੇ ਜਸ਼ਨਪ੍ਰੀਤ ਸਿੰਘ ਉਰਫ਼ ਲਾਲ ਦੁਆਰਾ ਸੰਚਾਲਿਤ ਸਰਹੱਦ ਪਾਰ ਇਕ ਮਾਡਿਊਲ ਦੇ 4 ਮੁੱਖ ਸੰਚਾਲਕਾਂ ਸਮੇਤ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ | ਇਸ ਗ੍ਰਿਫਤਾਰੀ ਨਾਲ ਪੁਲਿਸ ਨੇ ਇਲਾਕੇ ‘ਚ ਪੁਲਿਸ ਵਿਭਾਗ ‘ਤੇ ਸੰਭਾਵਿਤ ਗ੍ਰਨੇਡ ਹਮਲੇ ਨੂੰ ਟਾਲਣ ‘ਚ ਕਾਮਯਾਬੀ ਹਾਸਲ ਕੀਤੀ ਹੈ |

ਇਸ ਬਾਰੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਚਾਰ ਮੁੱਖ ਮੁਲਜ਼ਮਾਂ ਦੀ ਪਛਾਣ ਅਰਜੁਨਪ੍ਰੀਤ ਸਿੰਘ ਵਾਸੀ ਅਵਾਨ ਰਮਦਾਸ, (ਅੰਮ੍ਰਿਤਸਰ), ਲਵਪ੍ਰੀਤ ਸਿੰਘ ਉਰਫ ਲਵ ਵਾਸੀ ਪੇਰੇਵਾਲ, ਬਸੰਤ ਸਿੰਘ ਅਤੇ ਅਮਨਪ੍ਰੀਤ ਸਿੰਘ ਉਰਫ ਅਮਨ ਦੋਵੇਂ ਵਾਸੀ ਬਾਬਾ ਬਕਾਲਾ ਸਾਹਿਬ ਵਜੋਂ ਹੋਈ ਹੈ |

ਇਸ ਤੋਂ ਇਲਾਵਾ ਪੁਲਿਸ ਮੁਤਾਬਕ ਲੌਜਿਸਟਿਕਸ ਸਹਾਇਤਾ ਪ੍ਰਦਾਨ ਕਰਨ ਵਾਲੇ ਛੇ ਹੈਂਡਲਰਾਂ ਦੀ ਵੀ ਪਛਾਣ ਕੀਤੀ ਹੈ, ਜਿਨ੍ਹਾਂ ‘ਚ ਬਰਿੰਦਰਪਾਲ ਸਿੰਘ ਉਰਫ਼ ਮਨੀ ਅਤੇ ਰਾਜਬੀਰ ਸਿੰਘ ਉਰਫ਼ ਰਾਜੂ, ਵਿਸ਼ਵਾਸ ਮਸੀਹ, ਦਿਲਪ੍ਰੀਤ ਸਿੰਘ ਉਰਫ ਮੰਨਾ, ਹਰਜੋਤ ਕੁਮਾਰ ਉਰਫ ਮੀਟੂ ਅਤੇ ਜੋਇਲ ਮਸੀਹ ਉਰਫ ਰੋਹਨ ਉਰਫ ਨੋਨੀ ਵਜੋਂ ਹੋਈ ਹੈ |

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ ‘ਚੋਂ ਦੋ .30 ਬੋਰ ਅਤੇ ਇੱਕ .32 ਬੋਰ ਤਿੰਨ ਪਿਸਤੌਲਾਂ, ਇੱਕ ਹੈਂਡ ਗਰਨੇਡ ਅਤੇ ਇੱਕ ਡਰੋਨ ਵੀ ਬਰਾਮਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ

ਸੀਪੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮਾਡਿਊਲ ਦੀਆਂ ਗਤੀਵਿਧੀਆਂ ਬਾਰੇ ਮਿਲੀ ਭਰੋਸੇਯੋਗ ਸੂਚਨਾ ‘ਤੇ ਕਾਰਵਾਈ ਕਰਦੇ ਹੋਏ, ਅੰਮ੍ਰਿਤਸਰ ਕਮਿਸ਼ਨਰੇਟ ਨੇ ਅੰਮ੍ਰਿਤਸਰ ਦਿਹਾਤੀ, ਬਟਾਲਾ ਅਤੇ ਅੰਮ੍ਰਿਤਸਰ ਸ਼ਹਿਰ ਦੇ ਰਮਦਾਸ ਖੇਤਰ ਸਮੇਤ ਵੱਖ-ਵੱਖ ਖੇਤਰਾਂ ਤੋਂ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਬਰਾਮਦਗੀ ਡੇਰਾ ਬਾਬਾ ਨਾਨਕ ਦੇ ਪਿੰਡ ਖਾਨਾ ਚਮਾਰਾ, ਰਾਮਦਾਸ ਦੇ ਪਿੰਡ ਅਵਾਨ ਅਤੇ ਅੰਮ੍ਰਿਤਸਰ ਸ਼ਹਿਰ ਦੇ ਵੱਲਾ ਇਲਾਕੇ ਤੋਂ ਕੀਤੀ ਗਈ ਹੈ।

ਸੀਪੀ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਬਸੰਤ ਸਿੰਘ ਅਤੇ ਅਮਨਪ੍ਰੀਤ ਸਿੰਘ ਉਰਫ਼ ਅਮਨ ਦੀ ਗ੍ਰਿਫ਼ਤਾਰੀ ਨਾਲ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ 28 ਨਵੰਬਰ 2024 ਨੂੰ ਬਟਾਲਾ ‘ਚ ਇੱਕ ਪੁਲਿਸ ਅਧਿਕਾਰੀ ਦੀ ਰਿਹਾਇਸ਼ ‘ਤੇ ਹੋਏ ਹਮਲੇ ਦਾ ਮਾਮਲਾ ਵੀ ਸੁਲਝਾ ਲਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਨੇ ਇਸ ਮਾਡਿਊਲ ਦੇ ਦੂਜੇ ਮੁੱਖ ਸੰਚਾਲਕ ਦੀ ਵੀ ਸ਼ਨਾਖਤ ਕਰ ਲਈ ਹੈ ਅਤੇ ਪੁਲਿਸ ਟੀਮਾਂ ਉਸਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ।

Exit mobile version