Site icon TheUnmute.com

ਪੰਜਾਬ ਪੁਲਿਸ ਨੇ ਬੰਬੀਹਾ ਗੈਂਗ ਦਾ ਮੁੱਖ ਸਰਗਨਾ ਕੀਤਾ ਗ੍ਰਿਫਤਾਰ, ਪਿਸਤੌਲ ਬਰਾਮਦ

BAMBIHA GANG

ਚੰਡੀਗੜ੍ਹ, 21 ਅਗਸਤ 2023: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.), ਐਸ.ਏ.ਐਸ.ਨਗਰ ਨੇ ਬੰਬੀਹਾ ਗੈਂਗ (BAMBIHA GANG) ਦੇ ਮੁੱਖ ਸਰਗਨਾ ਨੂੰ ਇੱਕ .30 ਬੋਰ ਪਿਸਤੌਲ ਅਤੇ ਚਾਰ ਜਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ ਹੈ।

ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸਿਮਰਨਜੀਤ ਸਿੰਘ ਉਰਫ ਸਿੰਮੀ (25) ਵਾਸੀ ਪਿੰਡ ਵਾਲੀਓ, ਸਮਰਾਲਾ, ਲੁਧਿਆਣਾ ਵਜੋਂ ਹੋਈ ਹੈ। ਮੁਲਜ਼ਮ ਕਈ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਥਾਣਾ ਸਮਰਾਲਾ ਵਿਖੇ ਦਰਜ ਹੋਏ ਕਤਲ ਕੇਸ ਵਿੱਚ ਵੀ ਲੋੜੀਂਦਾ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਏਆਈਜੀ ਐਸਐਸਓਸੀ ਐਸ.ਏ.ਐਸ. ਨਗਰ ਅਸ਼ਵਨੀ ਕਪੂਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਗਤੀਤਿਵਧੀਆਂ ਬਾਰੇ ਪੁਖ਼ਤਾ ਸੂਹ ਦੇ ਆਧਾਰ ਤੇ ਐਸਐਸਓਸੀ ਐਸਏਐਸ ਨਗਰ ਦੀਆਂ ਪੁਲਿਸ ਟੀਮਾਂ ਨੇ ਇੱਕ ਵਿਸ਼ੇਸ਼ ਆਪ੍ਰੇਸ਼ਨ ਚਲਾਇਆ ਅਤੇ ਮੁਲਜ਼ਮ ਸਿਮਰਨਜੀਤ ਸਿੰਮੀ ਨੂੰ ਮੁਹਾਲੀ ਦੇ ਦਾਰਾ ਸਟੂਡੀਓ ਨੇੜਿਓਂ ਗ੍ਰਿਫਤਾਰ ਕੀਤਾ, ਜਦੋਂ ਉਹ ਪਟਿਆਲੇ ਤੋਂ ਆਪਣੇ ਸਾਥੀ ਨੂੰ ਹਥਿਆਰਾਂ ਦੀ ਖੇਪ ਪਹੁੰਚਾਉਣ ਜਾ ਰਿਹਾ ਸੀ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਸਿਮਰਨਜੀਤ ਸਿੰਮੀ ਬੰਬੀਹਾ ਗੈਂਗ (BAMBIHA GANG) ਦਾ ਇੱਕ ਹੋਰ ਪ੍ਰਮੁੱਖ ਮੈਂਬਰ ਜਿਸਦੀ ਪਛਾਣ ਜਸਵਿੰਦਰ ਸਿੰਘ ਉਰਫ਼ ਖੱਟੂ ਵਜੋਂ ਹੋਈ ਹੈ, ਦੇ ਨਿਰਦੇਸ਼ਾਂ ’ਤੇ ਕੰਮ ਕਰ ਰਿਹਾ ਸੀ।ਉਨ੍ਹਾਂ ਦੱਸਿਆ ਕਿ ਜਸਵਿੰਦਰ ਖੱਟੂ, ਜੋ ਕਿ ਹਾਲ ਹੀ ਵਿੱਚ ਜ਼ਮਾਨਤ ’ਤੇ ਬਾਹਰ ਆਇਆ ਸੀ ਅਤੇ ਜਾਅਲੀ ਪਛਾਣ ਅਤੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਪਾਸਪੋਰਟ ਬਣਵਾ ਕੇ ਭਾਰਤ ਤੋਂ ਵਿਦੇਸ਼ ਚਲਾ ਗਿਆ ਸੀ, ’ਤੇ ਕਈ ਅਪਰਾਧਿਕ ਕੇਸ ਚੱਲ ਰਹੇ ਹਨ।

ਇਸ ਸਬੰਧੀ ਐਫ ਆਈ ਆਰ ਨੰ. 14 ਮਿਤੀ 20.08.2023 ਨੂੰ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 25, 25(7), 25(8) ਅਤੇ 120ਬੀ ਤਹਿਤ ਪੁਲਿਸ ਸਟੇਸ਼ਨ ਐਸ.ਐਸ.ਓ.ਸੀ. ਐਸ.ਏ.ਐਸ.ਨਗਰ ਵਿਖੇ ਦਰਜ ਕੀਤਾ ਗਿਆ ਹੈ।

 

Exit mobile version