20 ਨਵੰਬਰ 2204: ਪਰਾਲੀ ਸਾੜਨ (stubble burning) ਦੀਆਂ ਘਟਨਾਵਾਂ ਕਾਰਨ ਪੰਜਾਬ ਦੇ ਕਈ ਸ਼ਹਿਰਾਂ ਵਿੱਚ AQI (air quality index) ਦੀ ਹਾਲਤ ਮਾੜੀ ਹੈ। 24 ਘੰਟਿਆਂ ‘ਚ ਸੂਬੇ ‘ਚ ਪ੍ਰਦੂਸ਼ਣ (pollution) ਦਾ ਪੱਧਰ ਇਕ ਵਾਰ ਫਿਰ ਚਿੰਤਾਜਨਕ ਪੱਧਰ ‘ਤੇ ਪਹੁੰਚ ਗਿਆ ਹੈ। ਦੱਸ ਦਈਏ ਕਿ ਬੀਤੀ ਰਾਤ ਵੀ ਤਾਪਮਾਨ ‘ਚ 1.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਸੀ। ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਤਾਪਮਾਨ 10 ਡਿਗਰੀ ਤੱਕ ਡਿੱਗ ਗਿਆ ਹੈ। ਅੱਜ ਵੀ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਤਾਪਮਾਨ 9 ਡਿਗਰੀ ਤੋਂ 26 ਡਿਗਰੀ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ।
ਜ਼ਹਿਰੀਲੇ ਧੂੰਏਂ ਕਾਰਨ ਲੋਕ ਖੰਘ, ਜ਼ੁਕਾਮ, ਬੁਖਾਰ ਵਰਗੀਆਂ ਬਿਮਾਰੀਆਂ ਦੀ ਲਪੇਟ ‘ਚ ਆ ਗਏ ਹਨ। ਕਈ ਲੋਕ ਮਾਸਕ ਪਾ ਕੇ ਘਰੋਂ ਬਾਹਰ ਨਿਕਲ ਰਹੇ ਹਨ। ਜੇਕਰ ਇੱਕ-ਦੋ ਦਿਨਾਂ ਵਿੱਚ ਮੀਂਹ ਨਾ ਪਿਆ ਤਾਂ ਸਥਿਤੀ ਕਾਬੂ ਤੋਂ ਬਾਹਰ ਹੋ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਕਾਰਨ ਨਮੀ ਦੀ ਮਾਤਰਾ ਵਧੀ ਹੈ। ਜਿਸ ਕਾਰਨ ਸਵੇਰ ਤੋਂ ਹੀ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਹੈ। ਪਰਾਲੀ ਅਤੇ ਪਟਾਕਿਆਂ ਦੇ ਧੂੰਏਂ ਨੇ ਸਥਿਤੀ ਨੂੰ ਹੋਰ ਵਿਗਾੜ ਦਿੱਤਾ ਹੈ। ਨਮੀ ਅਤੇ ਹਵਾ ਦੀ ਗਤੀ ਘੱਟ ਹੋਣ ਕਾਰਨ ਇਹ ਧੂੰਆਂ ਖਿੱਲਰਦਾ ਨਹੀਂ ਹੈ, ਜਿਸ ਕਾਰਨ ਇੱਕ ਕੰਬਲ ਬਣ ਜਾਂਦਾ ਹੈ ਜੋ ਸੂਰਜ ਦੀ ਰੌਸ਼ਨੀ ਨੂੰ ਧਰਤੀ ਦੀ ਸਤ੍ਹਾ ਤੱਕ ਨਹੀਂ ਪਹੁੰਚਣ ਦਿੰਦਾ। ਦੂਜੇ ਪਾਸੇ ਹਾਲਾਤ ਇੰਨੇ ਮਾੜੇ ਹੋਣ ਦੇ ਬਾਵਜੂਦ ਵੀ ਪਰਾਲੀ ਸਾੜਨ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਸੋਮਵਾਰ ਨੂੰ ਪੰਜਾਬ ਵਿੱਚ ਪਰਾਲੀ ਸਾੜਨ ਦੇ 888 ਮਾਮਲੇ ਦਰਜ ਕੀਤੇ ਗਏ, ਜੋ ਕਿ ਇਸ ਸੀਜ਼ਨ ਵਿੱਚ ਸਭ ਤੋਂ ਵੱਧ ਅੰਕੜਾ ਹੈ। ਇਸ ਤੋਂ ਪਹਿਲਾਂ ਪਰਾਲੀ ਸਾੜਨ ਦੇ 750 ਮਾਮਲੇ ਦਰਜ ਕੀਤੇ ਗਏ ਸਨ।