Site icon TheUnmute.com

Punjab News: ਪੰਜਾਬ ‘ਚ ਜਨਤਕ ਥਾਵਾਂ ‘ਤੇ ਸਿਗਰਟਨੋਸ਼ੀ ਕਰਨ ਵਾਲਿਆਂ ਦੇ 4 ਸਾਲਾਂ ‘ਚ ਕੱਟੇ 31 ਲੱਖ ਰੁਪਏ ਦੇ ਚਲਾਨ

Smoking Ban

ਚੰਡੀਗੜ੍ਹ, 23 ਦਸੰਬਰ 2024: ਜਨਤਕ ਥਾਵਾਂ ‘ਤੇ ਸਿਗਰਟਨੋਸ਼ੀ ਕਰਨ ਖ਼ਿਲਾਫ ਪੰਜਾਬ ਦੇ ਸਿਹਤ ਮੰਤਰਾਲਾ ਸਖ਼ਤ ਨਜਰ ਆ ਰਿਹਾ ਹੈ | ਸਿਹਤ ਮੰਤਰਾਲੇ ਨੇ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਸਿਗਰਟ ਅਤੇ ਤੰਬਾਕੂ ਦੇ ਸੇਵਨ ਨੂੰ ਕੰਟਰੋਲ ਕਰਨ ਲਈ ਸਖ਼ਤ ਫਾਰਮੂਲਾ ਅਪਣਾਇਆ ਹੈ। ਸਿਹਤ ਵਿਭਾਗ ਨੇ ਫੈਸਲਾ ਕੀਤਾ ਹੈ ਕਿ ਜਨਤਕ ਥਾਵਾਂ ‘ਤੇ ਸਿਗਰਟਨੋਸ਼ੀ (Smoking) ਕਰਨ ਵਾਲਿਆਂ ਦੇ ਵੱਧ ਤੋਂ ਵੱਧ ਚਲਾਨ ਕੱਟੇ ਜਾਣਗੇ |

ਅੰਕੜਿਆਂ ਮੁਤਾਬਕ ਪੰਜਾਬ ਦੇ ਸਿਹਤ ਵਿਭਾਗ ਦੀ ਤੰਬਾਕੂ ਕੰਟਰੋਲ ਮੁਹਿੰਮ ਤਹਿਤ 16 ਸਾਲਾਂ ਦੌਰਾਨ ਜਨਤਕ ਥਾਵਾਂ ‘ਤੇ ਸਿਗਰਟ ਪੀਣ ਵਾਲੇ ਵਿਅਕਤੀਆਂ ਦੇ 2,72,915 ਚਲਾਨ ਕੱਟੇ ਗਏ ਹਨ। ਸਿਹਤ ਵਿਭਾਗ ਨੇ ਪੰਜਾਬ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ 4 ਸਾਲਾਂ ਦੌਰਾਨ 31 ਲੱਖ ਰੁਪਏ ਜੁਰਮਾਨੇ ਵਜੋਂ ਵਸੂਲੇ ਹਨ। ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ 2013 ਐਕਟ (COTPA) ਦੇ ਤਹਿਤ ਜਨਤਕ ਸਥਾਨ ‘ਤੇ ਸਿਗਰਟ ਪੀਣ ਵਾਲੇ ਵਿਅਕਤੀ ਦਾ 200 ਰੁਪਏ ਦਾ ਚਲਾਨ ਕੀਤਾ ਜਾ ਰਿਹਾ ਹੈ।

ਪੰਜਾਬ ਸਿਹਤ ਵਿਭਾਗ ‘ਚ ਤੰਬਾਕੂ ਕੰਟਰੋਲ ਪ੍ਰੋਗਰਾਮ ਦੇ ਅਧਿਕਾਰੀ ਡਾ: ਗੁਰਮਨ ਸਿੰਘ ਦੇ ਮੁਤਾਬਕ ਪੰਜਾਬ ‘ਚ ਤੰਬਾਕੂ ਦਾ ਸੇਵਨ ਕਰਨ ਵਾਲਿਆਂ ਦੀ ਗਿਣਤੀ ‘ਚ ਕਮੀ ਆਈ ਹੈ। ਨੈਸ਼ਨਲ ਫੈਮਿਲੀ ਹੈਲਥ ਸਰਵੇ ‘ਚ ਸੂਬੇ ‘ਚ 19.2 ਫੀਸਦੀ ਮਰਦ ਤੰਬਾਕੂ ਅਤੇ ਸਿਗਰਟ ਦਾ ਸੇਵਨ ਕਰਦੇ ਪਾਏ ਗਏ ਸਨ ਪਰ ਨੈਸ਼ਨਲ ਫੈਮਿਲੀ ਹੈਲਥ ਸਰਵੇ 5 ‘ਚ ਤੰਬਾਕੂ ਦਾ ਸੇਵਨ ਕਰਨ ਵਾਲੇ ਲੋਕਾਂ ਦੀ ਗਿਣਤੀ ਹੁਣ ਸਿਰਫ 12.9 ਫੀਸਦੀ ਰਹਿ ਗਈ ਹੈ।

ਸਰਵੇਖਣ ਮੁਤਾਬਕ ਪੰਜਾਬ ‘ਚ ਸਿਰਫ਼ 0.1 ਤੋਂ 0.4 ਫ਼ੀਸਦੀ ਔਰਤਾਂ ਹੀ ਸਿਗਰਟ ਪੀਂਦੀਆਂ (Smoking) ਹਨ। ਸੂਬੇ ‘ਚ ਨਾ ਸਿਰਫ਼ ਜਨਤਕ ਥਾਵਾਂ ‘ਤੇ ਸਿਗਰਟ ਪੀਣ ਵਾਲਿਆਂ ‘ਤੇ ਸ਼ਿਕੰਜਾ ਕੱਸਣ ਦਾ ਫ਼ੈਸਲਾ ਕੀਤਾ ਗਿਆ ਹੈ, ਸਗੋਂ ਸਕੂਲਾਂ-ਕਾਲਜਾਂ ‘ਚ ਪੜ੍ਹਦੇ ਬੱਚਿਆਂ ਨੂੰ ਤੰਬਾਕੂ ਦੇ ਸੇਵਨ ਨਾਲ ਸਰੀਰ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਗਰੂਕ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਡਾ: ਗੁਰਮਨ ਸਿੰਘ ਨੇ ਦੱਸਿਆ ਕਿ ਪੰਜਾਬ ਦੇ 700 ਪਿੰਡਾਂ ਨੂੰ ਤੰਬਾਕੂ ਮੁਕਤ ਐਲਾਨਿਆ ਜਾ ਚੁੱਕਾ ਹੈ। ਇਨ੍ਹਾਂ ਪਿੰਡਾਂ ‘ਚ ਨਾ ਤਾਂ ਤੰਬਾਕੂ ਜਾਂ ਸਿਗਰਟ ਵੇਚਣ ਵਾਲੀ ਕੋਈ ਦੁਕਾਨ ਹੈ ਅਤੇ ਨਾ ਹੀ ਪਿੰਡਾਂ ‘ਚ ਜਨਤਕ ਥਾਵਾਂ ’ਤੇ ਕੋਈ ਸਿਗਰਟ ਜਾਂ ਹੁੱਕਾ ਪੀਂਦਾ ਹੈ। ਵਿਭਾਗ ਵੱਲੋਂ ਬਾਕੀ ਪਿੰਡਾਂ ‘ਚ ਵੀ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਤਾਂ ਜੋ ਪੰਜਾਬ ਦੇ 100 ਫੀਸਦੀ ਪਿੰਡ ਤੰਬਾਕੂ ਮੁਕਤ ਹੋ ਸਕਣ।

Read More: Punjab News: ਪੰਜਾਬ ਨੇ ਪੁਲਿਸ ਢਾਂਚੇ ਦੀ ਮਜ਼ਬੂਤੀ ਲਈ ਕੇਂਦਰ ਸਰਕਾਰ ਤੋਂ ਮੰਗੀ ਸਹਾਇਤਾ

Exit mobile version